ਪੁਸਤਕ ਸਮੀਖਿਆ:-
ਸਿਰਲੇਖ : "ਨੀ ਮਾਂ"
I.S.B.N. ਨੰਬਰ : 978-93-5204-126-8
ਕੀਮਤ : ਰੁਪਏ 395 (ਭਾਰਤ)
ਪ੍ਰਕਾਸ਼ਨ ਵਰ੍ਹਾ : 2015
ਕਵਿੱਤਰੀ :
ਸੈਂਡੀ ਗਿੱਲ
ਵਿਦਿਆ : ਓਨਟਾਰਿਓ ਰੀਅਲ ਐਸਟੇਟ ਕਾਲਿਜ, ਓਨਟਾਰਿਓ, ਕੈਨੇਡਾ ਵਿਖੇ ਜਾਰੀ
ਕਿੱਤਾ : ਰੀਅਲ ਐਸਟੇਟ ਦਾ ਕਾਰੋਬਾਰ
ਮੌਜੂਦਾ ਰਿਹਾਇਸ਼ : ਸੂਬਾ ਓਨਟਾਰਿਓ, ਕੈਨੇਡਾ
ਕਵਰ ਡਿਜ਼ਾਇਨ : ਸੈਂਡੀ ਗਿੱਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਅੇਸ.ਸੀ.ਓ. 26-27, ਸੈਕਟਰ 34-ਏ, ਚੰਡੀਗੜ੍ਹ, ਪੰਜਾਬ, ਭਾਰਤ, 160022
ਮਾਂ ਨੂੰ ਸੰਬੋਧਨ ਕਰਨ ਨਾਲ ਇਕ ਬੱਚੇ ਦੀ ਜ਼ੁਬਾਨ ਵਿਚ ਜੋ ਲਾਡ, ਪਿਆਰ ਅਤੇ ਹਿਰਸ ਝਲਕਦਾ ਹੈ ਉਸਤੋਂ ਕਿਤੇ ਵੱਧ ਮਮਤਾ, ਪ੍ਰੇਮ ਅਤੇ ਮੋਹ ਦਾ ਅਹਿਸਾਸ ਹੁੰਦਾ ਹੈ ਉਸ ਮਾਂ ਨੂੰ ਜੋ ਇਸ ਸ਼ਬਦ ਨੂੰ ਬੱਚੇ ਪਾਸਿਓਂ ਸੁਣਦੀ ਹੈ। ਪੰਜਾਬੀ ਸਾਹਿਤ ਦੀਆਂ ਅਨੇਕਾਂ ਹੀ ਪੁਸਤਕਾਂ ਇਸ ਤੱਥ ਦੀ ਤਸਦੀਕ ਕਰਦੀਆਂ ਹਨ ਕਿ ਜਦੋਂ ਵੀ ਕਿਸੇ ਲਿਖਾਰੀ ਅੰਦਰਲਾ ਬਾਲ ਮੁੜ ਜਾਗਦਾ ਹੈ ਤਾਂ ਉਹ ਆਪਣੀ ਮਾਂ ਨੂੰ ਸੰਬੋਧਨ ਕਰਦਾ ਹੈ ਅਤੇ ਇਸ ਲਈ ਲਿਖਾਰੀ ਪਾਸੋਂ ਮਾਏ ਨੀ!, ਨੀ ਮਾਂ!, ਮਾਏ ਮੇਰੀਏ!, ਅਮਮੜੀਏ! ਆਦਿ ਸੰਬੋਧਨਕਾਰਕ ਸ਼ਬਦ ਵਰਤੇ ਜਾਂਦੇ ਹਨ। ਕਵਿੱਤਰੀ ਸੈਂਡੀ ਨੇਂ ਵੀ ਇਸ ਪੁਸਤਕ ਰਾਹੀਂ ਆਪਣੀ ਮਾਂ ਨੂੰ ਸੰਬੋਧਨ ਕੀਤਾ ਹੈ ਅਤੇ ਇਸੇ ਕਰਕੇ ਉਸਨੇ ਇਸ ਪੁਸਤਕ ਦਾ ਨਾਮ ਰੱਖਿਆ ਹੈ "ਨੀ ਮਾਂ"। ਪੜ੍ਹਨ ਸੁਣਨ ਵਿਚ ਬੇਸ਼ਕ ਇਹ ਮਹਿਜ਼ ਦੋ ਨਿੱਕੇ ਨਿੱਕੇ ਸ਼ਬਦ ਹੀ ਹਨ ਪਰ ਅਸਲੀਅਤ ਹੈ ਕਿ ਗੁਰੂ ਅਤੇ ਪਿਤਾ ਤੋਂ ਵੀ ਵੱਧ ਮਾਣਯੋਗ ਮਾਂ ਲਈ ਵਰਤੇ ਗਏ ਇਹ ਦੋ ਸ਼ਬਦ ਹੀ ਅਸਲ ਵਿਚ ਵਿਸ਼ਵ ਦੀ ਹਰੇਕ ਪੁਸਤਕ ਵਿਚਲੀਆਂ ਲਿਖ਼ਤਾਂ ਦਾ ਸਾਰ ਹਨ। ਇਸੇ ਸਾਰ ਨੂੰ ਆਪਣੀਆਂ ਕਵਿਤਾਵਾਂ ਵਿਚ ਵਿਸਥਾਰ ਦੇਣ ਲਈ ਕਵਿੱਤਰੀ ਨੇ ਆਪਣੇ ਵੱਲੋਂ ਕੋਈ ਕੂਣ ਕਸਰ ਨਹੀਂ ਛੱਡੀ। ਇੱਥੋਂ ਤੱਕ ਕਿ ਉਸਨੇ ਇਕ ਪ੍ਰਚਲਤ ਪੰਜਾਬੀ ਗੀਤ ਵਿਚ ਉੱਠਣ ਵਾਲੇ ਸਵਾਲਾਂ ਨੂੰ ਵੀ ਨਕਾਰਨ ਵਾਲੀ ਆਪਣੀ ਸੱਚੀ ਅਤੇ ਵਿਲੱਖਣ ਗੱਲ ਆਖੀ ਹੈ:
ਜੁਗ ਜੁਗ ਜੀਣ ਸਭ ਦੀਆਂ ਅੰਮੀਆਂ ਨੀ ਮਾਏੇ
ਕਣਕਾਂ ਲੰਮੀਆਂ ਸੁੱਖਾਂ ਨਾਲ਼ ਧੀਆਂ ਜੰਮੀਆਂ ਨੀ ਮਾਏ (ਸਫ਼ਾ-੦4)
ਇਹ ਕਿਸੇ ਇਕ ਮਾਂ ਦਾ ਨਹੀਂ ਸਗੋਂ ਹਰ ਇਕ ਮਾਂ ਦਾ ਹੀ ਚੰਗੇਰਾ ਗੁਣ ਹੈ ਕਿ ਉਹ ਆਪ ਤਕਲੀਫ਼ ਵਿਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਸੌਖਾ ਰੱਖਣ ਦੀ ਹਰ ਕੋਸ਼ਿਸ਼ ਕਰਦੀ ਹੈ। ਮਾਂ ਤਾਂ ਤਿਆਗ ਦੀ ਉਹ ਮੂਰਤ ਹੈ ਜੋ ਆਪ ਗਿਲੀ ਥਾਈਂ ਸੋਂ ਕੇ ਆਪਣੇ ਅਬੋਧ ਬੱਚੇ ਨੂੰ ਸੁੱਕੀ ਥਾਂ ਸਵਾਉਂਦੀ ਹੈ। ਆਪ ਤਕਲੀਫ਼ ਵਿਚ ਹੁੰਦਿਆਂ ਹੋਇਆਂ ਵੀ ਆਪਣੀ ਤਕਲੀਫ਼ ਦਾ ਇਜ਼ਹਾਰ ਨਹੀਂ ਕਰਦੀ ਅਤੇ ਆਪਣੇ ਬੱਚਿਆਂ ਨੂੰ ਇਸ ਅਹਿਸਾਸ ਦਾ ਉਸਾਰੂ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਅਨੁਕੂਲ ਹਾਲਾਤਾਂ ਵਿਚ ਜੀ ਰਹੀ ਹੈ। ਚੰਗੀ ਮਾਂ ਦੀ ਔਲਾਦ ਵੀ ਅਕਸਰ ਚੰਗੀ ਹੀ ਹੁੰਦੀ ਹੈ। ਮਾਂ ਵੱਲੋਂ ਲੱਖ ਪਰਦੇ ਪਾਏ ਜਾਣ ਦੇ ਬਾਵਜੂਦ ਵੀ ਸੈਂਡੀ ਜਿਹੀ ਸੁਚੱਜੀ ਧੀ ਆਪਣੀ ਮਾਂ ਦੀਆਂ ਤਕੱਲੁਫ਼ੀ ਅਹਿਸਾਸਾਂ ਵਾਲੀਆਂ ਚੁੱਪ-ਝਾਂ ਪੁਸਤਕਾਂ ਦੇ ਸਫ਼ਿਆਂ ਨੂੰ ਮਹਿਜ਼ ਮਹਿਸੂਸ ਕਰਕੇ ਹੀ ਪੜ੍ਹ ਲੈਂਦੀ ਹੈ:
ਨੀ ਮਾਂ …ਤੁੰ ਕੀ ਕਹਿੰਨੀ ਐਂ …
ਕਿਉਂ ਚੁੱਪ ਚੁੱਪ ਰਹਿੰਨੀ ਐਂ …
ਕਿਰਸਾਂ ਦੀ ਚੱਕੀ ਵਿੱਚ ਪਿੱਸ ਪਿੱਸ ਕੇ,
ਸਿਰੜਾਂ ਦੀ ਭੱਠੀ ਵਿੱਚ ਘਿੱਸ ਘਿੱਸ ਕੇ,
ਕਿੰਨੇ ਦੁਖੜੇ ਤੂੰ ਕੱਲੀ ਸਹਿਨੀ ਐਂ …
ਕਿਉਂ ਚੁੱਪ ਚੁੱਪ ਰਹਿੰਨੀ ਐਂ … (ਸ਼ਫ਼ਾ-੦9)
ਮਾਂ ਨੂੰ ਆਪਣੇ ਬੱਚੇ ਨਾਲ ਅਤੇ ਬੱਚੇ ਨੂੰ ਆਪਣੀ ਮਾਂ ਨਾਲ ਜੋ ਪਿਆਰ ਹੁੰਦਾ ਹੈ ਉਹ ਪਿਆਰ ਹੀ ਅਸਲ ਵਿਚ ਸੰਸਾਰ ਦੇ ਹਰ ਪਿਆਰ ਦਾ ਆਧਾਰ ਹੈ। ਇਸੇ ਆਧਾਰ ਤੇ ਹੀ ਅਨੇਕਾਂ ਪ੍ਰਕਾਰ ਦੇ ਪਿਆਰਾਂ ਦੀ ਉਸਾਰੀ ਹੁੰਦੀ ਆਈ ਹੈ। ਇਕ ਔਸਤ ਜੀਵ ਆਪਣੇ ਜੀਵਨ ਵਿਚ ਇਸ ਤਰ੍ਹਾਂ ਦੇ ਅਨੇਕਾਂ ਹੀ ਪਿਆਰਾਂ ਵਿਚ ਵਿਚਰਦਾ ਹੋਇਆ ਅਗਾਂਹ ਨੂੰ ਵੱਧਦਾ ਹੈ ਪਰ ਇਨ੍ਹਾ ਪਿਆਰਾਂ ਦੌਰਾਨ ਉਪਦਜੇ ਸਜੀਵ ਅਤੇ ਕਲਪਿਤ ਦੁੱਖਾਂ ਸੁੱਖਾਂ ਦੇ ਅਹਿਸਾਸਾਂ ਨੂੰ ਕਵਿਤਾ ਵਿਚ ਪਿਰੋਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਕ ਗੁਣੀ ਕਵੀ ਦੀ ਇਹੋ ਖ਼ਾਸੀਅਤ ਹੁੰਦੀ ਹੈ ਕਿ ਉਹ ਆਪਣੀ ਕਲਪਨਾ ਸਦਕਾ ਉਸ ਦੁਰਲੱਭ ਮੁਕਾਮ ਦਾ ਵੀ ਸਜੀਵ ਚਿੱਤਰਣ ਕਰ ਵਿਖਾਵੇ ਜਿਸਦੀ ਭੌਤਿਕ ਤੌਰ ਤੇ ਸ਼ਾਇਦ ਕੋਈ ਹੋਂਦ ਹੀ ਨਾ ਹੋਵੇ। ਰੀਅਲ ਐਸਟੇਟ ਦੀ ਕਾਰੋਬਾਰੀ ਅਤੇ ਅਕਸਰ ਗੂੜ੍ਹੇ ਰੰਗਾਂ ਨਾਲ ਚਿੱਤਰਕਾਰੀ ਕਰਨ ਵਾਲੀ ਸੈਂਡੀ ਨੇ ਮੌਜੂਦਾ ਪੁਸਤਕ ਵਿਚ ਅਜਿਹੀਆਂ ਹੀ ਉਸਾਰੀਆਂ ਦਾ ਚਿੱਤਰਣ ਕੀਤਾ ਹੈ:
ਕਬਰਾਂ ਦੇ ਵਿਚ ਸੋਂ ਕੇ ਵੀ
ਤੇਰੇ ਸੁਪਨੇ ਵਾਲ਼ੀ ਆਸ
ਰੂਹ ਆਪਣੀ ਦਾ ਪੋਚਾ ਲਾ ਜਾ
ਮਨ ਦੀ ਮਿੱਟੀ ਬੜੀ ਉਦਾਸ (ਸਫ਼ਾ-31)
ਆਪਣੀ ਮਾਂ ਦੀਆਂ ਪਾਈਆਂ ਲੀਹਾਂ ਤੇ ਚਲਦਿਆਂ ਹੋਇਆਂ ਸੈਂਡੀ ਨੇਂ ਜੋ ਸੰਜਮ ਅਤੇ ਸੰਵੇਦਨਸ਼ੀਤਾ ਆਪਣੇ ਅੰਦਰ ਪਰਿਪੱਕ ਕਰ ਲਈ ਹੈ ਉਸ ਦਾ ਪ੍ਰਗਟਾਅ ਉਸਦੀਆਂ ਕਵਿਤਾਵਾਂ ਵਿਚ ਆਪ ਮੁਹਾਰੇ ਫੁੱਟ ਪੈਂਦਾ ਹੈ:
ਉਹਦੇ ਲਾਰਿਆਂ ਦੇ ਆਸਰੇ 'ਚ ਰਹਿ ਹੋ ਗਿਆ
ਇੰਝ ਉਮਰਾਂ ਦਾ ਪੈਂਡਾ ਸੌਖਾ ਤਹਿ ਹੋ ਗਿਆ
……
ਤਿਤਲੀ ਦੇ ਲੂਹੇ ਜਦੋਂ ਪਰ ਸੀ ਮੈਂ ਦੇਖੇ
ਕਾਗ਼ਜ਼ਾਂ ਦੇ ਫੁੱਲਾਂ ਤੋਂ ਵੀ ਭੈਅ ਹੋ ਗਿਆ (ਸਫ਼ਾ-47)
ਕਵਿਤਰੀ ਭਾਵੇਂ ਓਨਟਾਰਿਓ ਰੀਅਲ ਐਸਟੇਟ ਕਾਲਿਜ, ਓਨਟਾਰਿਓ (ਕੈਨੇਡਾ) ਵਿਖੇ ਪੜ੍ਹੀ ਹੈ ਅਤੇ ਓਨਟਾਰਿਓ ਦੀ ਹੀ ਵਸਨੀਕ ਹੈ ਪਰ ਉਸਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਅੰਦਰ ਧੁਰ ਤੀਕ ਖੁਭੀਆਂ ਹੋਈਆਂ ਹਨ। ਸੈਂਡੀ ਦੀਆਂ ਸੁਰੀਲੀਆਂ ਕਵਿਤਾਵਾਂ ਵਿਚ ਸੰਗੀਤ ਦੀਆਂ ਧੁਨਾਂ ਵੀ ਸੁਣਨ ਨੂੰ ਮਿਲਦੀਆਂ ਹਨ। ਉਹ ਕੁਦਰਤੀ ਸੰਗੀਤ ਤੋਂ ਬਹੁਤ ਪ੍ਰਭਾਵਿਤ ਹੈ, ਖ਼ਾਸਕਰ ਕੋਇਲ ਦੀ ਕੂਕ ਤੋਂ:
ਬੰਸਰੀ ਜਿਹੀ ਹਸੀਨ, ਕੋਇਲ ਦੀ ਕੂਕ ਜਿਹੀ ਸੁਖਾਂਤ ਹੁੰਦੀ
ਕਿਹਨੂੰ ਸ਼ਿਕਨ ਸੀ ਬੋਲਾਂ ਦੀ ਜੇ ਚੁੱਪ ਸ਼ਾਂਤ ਹੁੰਦੀ (ਸਫ਼ਾ-50)
(ਅਤੇ)
ਇੱਕ ਕੋਇਲ ਮਨ ਦੇ ਖੰਡਰੀਂ ਗਾਉਣਾ ਚਾਹੁੰਦੀ ਹੈ
ਹਾਏ ਕੋਈ ਤਮੰਨਾ ਮੁੜ ਕੇ ਆਉਣਾ ਚਾਹੁੰਦੀ ਹੈ (ਸਫ਼ਾ-61)
ਸੈਂਡੀ ਨੇਂ ਆਪਣੀ ਇਸ ਪੁਸਤਕ ਲਈ ਨਾ ਸਿਰਫ ਕਵਰ ਫੋਟੋ ਵੀ ਆਪਣੀ ਚਿੱਤਰਕਾਰੀ ਨਾਲ ਤਿਆਰ ਕੀਤੀ ਹੈ ਬਲਕਿ ਪੁਸਤਕ ਨੂੰ ਅੰਦਰੋਂ ਵੀ ਆਪਣੀਆਂ ਚਿੱਤਰੀਆਂ 19 ਖ਼ੁਬਸੂਰਤ ਤਸਵੀਰਾਂ ਨਾਲ ਸ਼ਿੰਗਾਰਿਆ ਹੈ। ਉਸਦੀਆਂ ਕਵਿਤਾਵਾਂ ਵਿਚ ਉਸਦਾ ਚਿੱਤਰਕਾਰ ਸੁਭਾਅ ਆਪ ਮੁਹਾਰੇ ਹੀ ਝਲਕਦਾ ਹੈ:
ਕੈਨਵਸ ਕਿੰਝ ਰੰਗਾ ਨੂੰ ਬਾਹਾਂ ਵਿੱਚ ਲੈ ਰਹੀ ਹੈ
ਫ਼ੁੱਲਾਂ ਦੀ ਮੂਰਤ ਮੁਸਕਾ ਕੇ ਕੁਝ ਕਹਿ ਰਹੀ ਹੈ (ਸਫ਼ਾ-74)
(ਜਾਂ)
ਝੁੰਡ ਤਿਤਲੀਆਂ ਦਾ ਆ ਜਾਵੇ ਰੋਜ਼ ਬੈਠਣ
ਮੇਰੀ ਕੈਨਵਸ ਦੇ ਫੁੱਲਾਂ ਦਾ ਦਿਲਕਸ਼ ਅੰਦਾਜ਼ ਹੈ (ਸਫ਼ਾ-83)
(ਅਤੇ)
ਪਿਆਰ ਦੀ ਕੈਨਵਸ 'ਤੇ ਲਾਈ ਸੀ ਰੰਗਾਂ ਦੀ ਉਡਾਰੀ
ਤੇਰੀ ਛੂਹ ਦੇ ਖੰਭਾਂ ਦਾ ਸੋਹਣਿਆ ਖ਼ੁਮਾਰ ਨਾਲ ਸੀ (ਸਫ਼ਾ-98)
ਲਗਭਗ ਸਾਰੇ ਹੀ ਧਰਮਾਂ ਅਤੇ ਕੌਮਾ ਨਾਲ ਸਬੰਧਿਤ ਸੂਫ਼ੀਆਨਾ ਸਾਹਿਤਕਾਰਾਂ ਨੇਂ ਇਸ਼ਕ ਨੂੰ ਰੱਬ ਦੇ ਬਰਾਬਰ ਜਾਂ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਹੈ। ਹਿੰਦੀ, ਉਰਦੂ ਅਤੇ ਪੰਜਾਬੀ ਦੇ ਅਜਿਹੇ ਹੀ ਸਾਹਿਤਕਾਰਾਂ ਦੀ ਤਰਜ਼ ਉੱਪਰ ਠੁਮਕਦੀ ਸੈਂਡੀ ਨੇਂ ਵੀ ਸੂਫ਼ੀਆਨਾ ਕਲਾਮ ਬਾ-ਖ਼ੂਬ ਰਚਿਆ ਹੈ:
ਪਹੁ ਫੁਟਾਲੇ ਪਲਕ ਉੱਠੀ ਇਸ਼ਕੜੇ ਦਿੱਤੀ ਬਾਂਗ
ਲੋਕੀਂ ਮੰਦਿਰ ਮਸੀਤੇ ਜਾਵਣ ਸਾਨੂੰ ਪੀਆ ਮਿਲਣ ਦੀ ਤਾਂਘ
……
ਤੇਰੇ ਵਿੱਚੋਂ ਹੀ ਮੈਂ ਉਪਜਾਂ ਤੇਰੇ ਵਿਚ ਮਰ ਜਾਣਾ
ਕਾਹੇ ਤੈਨੂੰ ਦਰ ਦਰ ਢੂੰਡਾਂ ਕਿਉਂ ਨਾ ਰਮਜ਼ ਪਛਾਣਾ…
……
ਸੋਨੇ ਦੇ ਮੈਂ ਮਹਿਲ ਉਸਾਰਾਂ ਤੇ ਚਾਂਦੀ ਦੀਆਂ ਸੜ੍ਹਕਾਂ
ਚਾਰ ਮੋਢੇ ਤੇ ਗਜ਼ ਕੂ ਧਰਤੀ ਫ਼ੋਕੀਆਂ ਮਾਰਾਂ ਬੜ੍ਹਕਾਂ (ਸਫ਼ੇ-102-103)
ਆਪਣੀ ਮਾਂ ਤੋਂ ਵਿਰਾਸਤ ਵਿਚ ਹਾਸਿਲ ਕੀਤੀ ਪ੍ਰੇਮ ਭਾਵਨਾ ਦੇ ਨਾਲ-ਨਾਲ ਸੈਂਡੀ ਨੇਂ ਸੰਤੁਸ਼ਟੀ ਅਤੇ ਪੂਰਣਤਾ ਦੇ ਅਹਿਸਾਸ ਜਿਹੇ ਗੁਣਾ ਨੂੰ ਵੀ ਆਪਣੇ ਸੁਭਾਅ ਤੋਂ ਇਲਾਵਾ ਆਪਣੇ ਕਾਵਿ ਵਿਚ ਵੀ ਸ਼ੁਮਾਰ ਕਰ ਲਿਆ ਹੈ:
ਉਹ ਗੁੰਚਾ ਦੀਵਿਆਂ ਦਾ
ਮੈਨੂੰ ਭੰਵਰੇ ਵਰਗਾ ਰੋਗ
ਦਿਲਬਰ ਹੱਥੋਂ ਅੰਤ ਏ
ਕਾਹਦਾ ਕਰਨਾ ਸੋਗ (ਸਫ਼ਾ-91 ਅਤੇ 104)
ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, (ਪੰਜਾਬ, ਭਾਰਤ) ਰਾਹੀਂ ਪ੍ਰਕਾਸ਼ਿਤ ਇਸ ਕਿਤਾਬ ਦਾ ਮੁੱਖ ਬੰਧ ਪੰਜਾਬੀ ਦੇ ਨਾਮਵਰ ਅਤੇ ਸੂਰੀਲੇ ਕਵੀ ਸੁਰਜੀਤ ਪਾਤਰ ਹੋਰਾਂ ਵੱਲੋਂ ਲਿਖਿਆ ਹੈ ਜੋ ਇਸ ਪੁਸਤਕ ਲਈ ਆਪਣੇ ਆਪ ਵਿਚ ਇਕ ਅਲੰਕਾਰ ਹੈ। ਸੈਂਡੀ ਗਿੱਲ ਨੇ 104 ਸਫ਼ਿਆਂ ਵਾਲੀ, ਆਪਣੀਆਂ ਹੀ ਚਿੱਤਰਕਾਰੀਆਂ ਨਾਲ ਸ਼ਿੰਗਾਰੀ ਇਹ ਪਲ੍ਹੇਠੀ ਕਿਤਾਬ ਆਪਣੀ ਮਾਂ ਸ੍ਰੀਮਤੀ ਸੁਰਿੰਦਰ ਕੌਰ ਗਿੱਲ ਨੂੰ ਹੀ ਸਮਰਪਿਤ ਕੀਤੀ ਹੈ। ਹਰ ਉਹ ਸ਼ਖ਼ਸ ਜੋ ਆਪਣੀ ਮਾਂ ਅਤੇ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਦਾ ਹੈ ਉਹ ਅਰਥ ਭਰਪੂਰ ਕਵਿਤਾਵਾਂ ਨਾਲ ਜੜੀ ਅਤੇ ਖ਼ੂਬਸੂਰਤ ਚਿੱਤਰਕਾਰੀ ਨਾਲ ਸ਼ਿੰਗਾਰੀ ਇਸ ਕਿਤਾਬ ਨੂੰ ਜ਼ਰੂਰ ਪੜ੍ਹੇ ਅਤੇ ਨਿਹਾਰੇ। ਪਾਠਕ ਆਪਣੀਆਂ ਉਸਾਰੂ ਪ੍ਰਤਿਕਿਰਿਆਵਾਂ ਕਵਿਤਰੀ ਨੂੰ ਉਸਦੇ ਈ.ਮੇਲ ਪਤੇ sandygill2015@yahoo.ca 'ਤੇ ਭੇਜਣ ਜੋ ਕਿ ਭਵਿੱਖਤ ਸੰਭਾਵਨਾਵਾਂ ਹਿਤੁ ਲਾਹੇਵੰਦ ਸਾਬਿਤ ਹੋ ਨਿਬੜਨਗੀਆਂ।
ਸੁਨੀਲ ਕੁਮਾਰ 'ਨੀਲ'
ਸੰਗਰੂਰ, ਪੰਜਾਬ, ਭਾਰਤ
+91-94184-70707
ਸੰਗਰੂਰ, ਪੰਜਾਬ, ਭਾਰਤ
+91-94184-70707
No comments:
Post a Comment