Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Saturday 1 August 2015

ਪੁਸਤਕ ਸਮੀਖਿਆ: 'ਓਥੇ' (ਕਾਵਿਤਾ ਸੰਗ੍ਰਿਹ) {ਰਾਜਵਿੰਦਰ ਕੌਰ (ਰਾਜ਼ ਕੌਰ)}


ਸਿਰਲੇਖ : "ਓਥੇ"
I.S.B.N. ਨੰਬਰ: 978-0-9921369-4-9
ਕੀਮਤ: ਰੁਪਏ100 (ਭਾਰਤ), $ 5 (ਵਿਦੇਸ਼)

ਲੇਖਿਕਾ: ਰਾਜਵਿੰਦਰ ਕੌਰ (ਰਾਜ਼ ਕੌਰ)
ਵਿਦਿਆ: ਗ੍ਰੈਜੁਏਸ਼ਨ ਦੀ ਪੜ੍ਹਾਈ ਜਾਰੀ
ਕਿੱਤਾ: ਸੁਵਿਧਾ ਸੈਂਟਰ ਵਿਖੇ ਸੇਵਾਰਤ
ਰਿਹਾਇਸ਼: ਨਵਾਂਸ਼ਹਿਰ, ਸ਼ਹੀਦ ਭਗਤ ਸਿੰਗ ਨਗਰ, ਚੜ੍ਹਦਾ ਪੰਜਾਬ
ਸੰਪਰਕ : www.facebook.com/raaz.kaur
ਪ੍ਰਕਾਸ਼ਕ: ਚਿੰਤਨ ਪ੍ਰਕਾਸ਼ਨ, ਐਡਮਿੰਟਨ (ਕਨੇਡਾ), ਲੁਧਿਆਣਾ (ਸੰਪਰਕ +91-977-977-0539; chintanparkashan.ldh@gmail.com)

ਇਸ ਪਦਾਰਥਵਾਦੀ ਸੰਸਾਰ ਵਿਚ ਉਹ ਜੋ ਚੰਗਾ ਦਿਖਦਾ ਹੈ, ਚੰਗਾ ਜਾਣਿਆ ਜਾਂਦਾ ਹੈ; ਜੋ ਪ੍ਰਤੱਖ ਹੈ ਉਸਨੂੰ ਹੀ ਪ੍ਰਮਾਣ ਮੰਨਿਆ ਜਾਂਦਾ ਹੈ ਪਰ ਜੋ ਅਦਿੱਖ ਹੈ ਉਸਦੇ ਬਾਰੇ ਵਿਚ ਇਕ ਨਹੀਂ ਸਗੋਂ ਅਨੇਕ ਮੱਤ ਦਿੱਤੇ ਜਾਂਦੇ ਹਨ ਅਤੇ ਕਈ ਵਾਰ ਤਾਂ ਉਸ ਅਦਿੱਖ ਦੀ ਹੋਂਦ ਨੂੰ ਹੀ ਨਕਾਰ ਦਿੱਤਾ ਜਾਂਦਾ ਹੈ। ਕਹਿਣ ਤੋਂ ਭਾਵ ਇਹ ਕਿ ਜੋ 'ਇੱਥੇ' ਹੈ ਜ਼ਿਆਦਾ ਉਸਦਾ ਹੀ ਬਖਿਆਨ ਕੀਤਾ ਜਾਂਦਾ ਹੈ ਪਰ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਰਾਹੀਂ ਕਵਿੱਤਰੀ ਨੇਂ ਉਸ ਪਹਿਲੂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ ਜੋ ਦਿਸਦਾ ਕੁਝ ਹੋਰ ਹੈ ਪਰ ਅਸਲ ਵਿਚ ਹੁੰਦਾ ਕੁਝ ਹੋਰ ਹੀ ਹੈ, ਜੋ ਇੱਥੇ ਦਾ ਛਲਾਵਾ ਨਹੀਂ ਸਗੋਂ 'ਓਥੇ' ਦਾ ਸੱਚ ਹੈ ਜੋ ਲਫ਼ਜ਼ਾਂ ਵਿਚ ਜੜਿਆ ਜ਼ਰੂਰ ਹੈ ਪਰ ਲਫ਼ਜ਼ਾਂ ਤੋਂ ਪਰੇ ਹੈ:
 "ਲਫ਼ਜ਼ਾਂ ਤੋਂ ਪਰੇ ਦੀ ਕਵਿਤਾ
 ਮਸਤ ਹਵਾ ਗਾਉਂਦੀ
 ਕੁਦਰਤ ਮਹਾਨ, ਕੁਦਰਤ ਮਹਾਨ।"         ...(ਸਫਾ 8)

ਚੜ੍ਹਦੇ ਪੰਜਾਬ ਦੀ ਇਸ ਜੰਮਪਲ ਦੀਆਂ ਜੜ੍ਹਾਂ ਲਹਿੰਦੇ ਪੰਜਾਬ ਵਿਚ ਵੀ ਹਨ ਕਿਉਂਕਿ ਇਸਦੇ ਪੁਰਖੇ ਮਿੰਟ-ਗੁਮਰੀ, ਚੱਕ ਨੰਬਰ-421, ਜਿਲ੍ਹਾ ਪਾਕ-ਪਤਨ (ਲਹਿੰਦਾ ਪੰਜਾਬ) ਦੇ ਰਹਿਣ ਵਾਲੇ ਸਨ। ਇਸ ਕਰਕੇ ਕਵਿੱਤਰੀ ਦੇ ਉੱਪਰ ਓਥੇ ਦੇ ਸਾਦੇ ਲਫ਼ਜ਼ਾਂ ਵਾਲੇ ਅਤੇ ਅਰਥ ਭਰਪੂਰ ਕਾਵਿ ਦਾ ਖ਼ਾਸ ਪ੍ਰਾਭਵ ਇਸ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਉਸਨੇਂ ਅਜਿਹੇ ਓਖੇ ਲਫ਼ਜ਼ਾਂ ਦੀ ਵਰਤੋਂ ਕਰਨੋਂ ਗ਼ੁਰੇਜ਼ ਕੀਤਾ ਹੈ ਕਿ ਜਿਨ੍ਹਾਂ ਦੇ ਅਰਥਾਂ 'ਤੋਂ ਸਧਾਰਣ ਪਾਠਕ ਅਭਿੱਜ ਹੋਣ।

ਅਸੀਂ ਸੂਫੀ ਕਾਵਿ ਅਤੇ ਆਧੁਨਿਕ ਕਾਵਿ ਵਿਚ ਆਮ ਕਰਕੇ ਪੜ੍ਹਦੇ ਸੁਣਦੇ ਹਾਂ ਕਿ ਪੁਰਸ਼ ਲਿਖਾਰੀ ਆਪਣੇ ਆਪ ਨੂੰ ਇਸਤਰੀ ਕਰਕੇ ਲਿਖਦੇ ਹਨ ਪਰ ਕਵਿੱਤਰੀ ਦੀ ਇਹ ਗੱਲ ਵਿਲੱਖਣ ਹੈ ਕਿ ਉਸਨੇਂ ਆਪਣੀਆਂ ਕਈ ਕਵਿਤਾਵਾਂ ਵਿਚ ਆਪਣੇ ਆਪ ਨੂੰ ਪੁਰਖ (ਪੁਰਸ਼) ਜਾਣ ਕੇ ਕਾਵਿ ਰਚਨਾ ਕੀਤੀ ਹੈ:
 ਮੈਂ ਜ਼ਿੰਦਗ਼ੀ 'ਤੋਂ ਕਦਮ ਦਰ ਕਦਮ
 ਪਿੱਛੇ ਹਟਦਾ ਹੀ ਜਾ ਰਿਹਾ ਹਾਂ
 ਥੋੜਾ ਥੋੜਾ ਘਟਦਾ ਹੀ ਜਾ ਰਿਹਾ ਹਾਂ          ...(ਸਫਾ 65)

ਆਪਣੇ ਕਿੱਤੇ ਵਜੋਂ ਦਿਨਭਰ ਵਿਚ ਅਨੇਕਾਂ ਲੋਕਾਂ ਨਾਲ ਮਿਲਦੀ, ਵਿਚਰਦੀ ਕਵਿੱਤਰੀ ਬੜੀ ਸੰਜੀਦਾ ਹੈ ਅਤੇ ਅਕਸਰ ਇਸ ਗੱਲ ਤੋਂ ਦੁਖੀ ਹੋ ਜਾਂਦੀ ਹੈ ਕਿ ਉਸਦੇ ਦਫ਼ਤਰ ਵਿਖੇ ਆਉਣ ਵਾਲੇ ਅਨੇਕਾਂ ਪੇਂਡੂ ਲੋਕ ਹਾਲੇ ਵੀ ਅਨਪੜ੍ਹ ਅਤੇ ਅੰਗੂਠਾ-ਛਾਪ ਹੀ ਹਨ। ਸਮਾਜ ਦੀਆਂ ਇਹ ਘਾਟਾਂ ਉਸਨੂੰ ਧੁਰ ਅੰਦਰ ਤੀਕ ਝਿੰਜੋੜ ਦਿੰਦੀਆਂ ਹਨ ਅਤੇ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ, ਠੀਕ ਉਸਦੀ ਪ੍ਰੇਰਕ ਅਤੇ ਹੋਂਸਲੇ ਭਰਪੂਰ ਪੁਰਾਣੀ ਅਤੇ ਉਮਰੋਂ ਲਗਭਗ 10 ਵਰ੍ਹੇ ਛੋਟੀ ਸਹੇਲੀ ਸੰਦੀਪ ਕੌਰ ਵਾਂਗ:
 "ਜਦ ਕੋਈ ਬੰਦਾ ਆਖਦਾ
 'ਇਹ ਗੂਠਾ ਕਿੱਥੇ ਲਾਵਾਂ'
 ਮੈਂ ਤ੍ਰਬਕ ਕੇ ਬੋਲਦੀ
 ਜਿੱਥੇ ਮਰਜ਼ੀ ਲਾ ਦਿਓ
 ਲੱਗਣਾ ਤਾਂ ਵਿੱਦਿਆ ਦੇ ਗਲ 'ਤੇ ਹੀ ਹੈ"     ...(ਸਫਾ 48)

ਕਵਿੱਤਰੀ ਨੂੰ ਰਿਸ਼ਤਿਆਂ ਦੀ ਡਾਢੀ ਸਮਝ ਹੈ ਜਿਸ ਕਰਕੇ ਉਹ ਨਾ ਕੇਵਲ ਮਾਂ ਅਤੇ ਭੂਆ ਅਦਿ ਰਿਸ਼ਤਿਆਂ 'ਤੇ ਕਵਿਤਾ ਕਹਿੰਦੀ ਹੈ ਬਲਕਿ ਖੁਸਰਿਆਂ ਬਾਰੇ ਵੀ ਲਿਖਦੀ ਹੈ ਜੋ ਦੂਜਿਆਂ ਦੇ ਸਮਾਜਿਕ ਰਿਸ਼ਤਿਆਂ ਦੀਆਂ ਖ਼ੁਸ਼ੀਆਂ ਮਨਾਉਣ ਲਈ ਢੋਲਕੀ ਦੀ ਤਾਲ 'ਤੇ ਨੱਚਦੇ ਹਨ ਪਰ ਜਿਨ੍ਹਾ ਦੇ ਆਪਣੇ ਜੀਵਨ ਵਿਚ ਸਮਾਜਿਕ ਰਿਸ਼ਤਿਆਂ ਦੀ ਹੋਂਦ ਵੀ ਮੌਜੂਦ ਨਹੀਂ ਹੈ। ਪੈਰਾਂ ਤੋਂ ਬਿਨਾ ਵੀ ਸੜ੍ਹਕਾਂ 'ਤੇ ਦੌੜਨ ਦੀ ਚਾਹ ਰੱਖਣ ਵਾਲੀ ਅਤੇ ਖੰਭਾਂ ਤੋਂ ਬਿਨਾ ਅਥਾਹ ਅੰਬਰ ਨੂੰ ਆਪਣੀ ਕਲਪਨਾ ਉਡਾਰੀ ਨਾਲ ਸਰ ਕਰਨ ਦੀ ਇੱਛੁਕ ਇਸ ਕਵਿੱਤਰੀ ਦੀ ਹਰ ਇਕ ਕਵਿਤਾ ਸਰਲ, ਅਰਥ ਭਰਪੂਰ, ਪ੍ਰੇਰਣਾਤਮਕ ਅਤੇ ਹੋਂਸਲੇ ਬੁਲੰਦ ਕਰ ਦੇਣ ਵਾਲੀ ਹੈ:

 "ਫੈਲ ਜਾ, ਖੋਲ ਖੰਭ
 ਤੇਰਾ ਹੀ ਹੈ ਸਾਰਾ ਬ੍ਰਹਿਮੰਡ"         ...(ਸਫਾ 11)

ਪਿਤਾ ਸ੍ਰੀ ਗਿਆਨ ਸਿੰਘ ਜੋ ਕਿ ਪਿੰਡਾਂ ਵਿਚ ਵੱਸਦੇ ਇਸ ਦੇਸ਼ ਦੀ ਸ਼ਾਨ ਭਾਵ ਇਕ ਕਿਸਾਨ ਹਨ ਅਤੇ ਮਾਤਾ ਇਕ ਘਰੋਗੀ ਇਸਤਰੀ ਹੈ, ਦੀ ਇਹ ਸੱਭ ਤੋਂ ਛੋਟੀ ਧੀ ਕੁਦਰਤ ਨੂੰ ਬੇਹਦ ਪਿਆਰ ਕਰਦੀ ਹੈ ਜੋ ਕਿ ਇਸਦੀਆਂ ਕਵਿਤਾਵਾਂ ਵਿੱਚੋਂ ਸਾਫ਼ ਝਲਕਦਾ ਦਿੱਸ ਪੈਂਦਾ ਹੈ। ਕੁਦਰਤ ਨੇਂ ਉਸਨੂੰ ਜੋ ਕੁਝ ਬਖ਼ਸ਼ਿਆ ਹੈ ਉਸਦੇ ਸ਼ੁਕਰਾਨੇ ਵਜੋਂ ਉਹ ਕੁਦਰਤ ਨਾਲ ਬਹੁਤ ਪਿਆਰ ਜਤਾਉਂਦੀ ਹੈ। ਕੁਦਰਤ ਨਾਲ ਉਸਦੇ ਵਿਸੇਸ਼ ਪਿਆਰ ਦਾ ਵੱਡਾ ਪ੍ਰਮਾਣ ਇਸ ਤੱਥ 'ਤੋਂ ਵੀ ਮਿਲਦਾ ਹੈ ਕਿ ਉਸਨੇ ਸ਼ਰਧਾ ਦੇ ਫੁਲਾਂ ਵਰਗੀ ਆਪਣੀ ਇਹ 96 ਸਫਿਆਂ ਦੀ ਪੁਸਤਕ ਵੀ ਕੁਦਰਤ ਨੂੰ ਹੀ ਸਮਰਪਿਤ ਕੀਤੀ ਹੈ।


ਸੁਨੀਲ ਕੁਮਾਰ 'ਨੀਲ'
ਸੰਗਰੂਰ, ਪੰਜਾਬ, ਭਾਰਤ
+91-94184-70707