Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Saturday, 7 November 2015

ਪੁਸਤਕ ਸਮੀਖਿਆ : "ਕਹੋ ਤਿਤਲੀਆਂ ਨੂੰ" ( ਸਤਨਾਮ ਚੌਹਾਨ )

ਪੁਸਤਕ ਸਮੀਖਿਆ:-

ਸਿਰਲੇਖ  : "ਕਹੋ ਤਿਤਲੀਆਂ ਨੂੰ" 
I.S.B.N.ਨੰਬਰ : 978-93-81105-58-0
ਕੀਮਤ  : ਰੁਪਏ200 (ਭਾਰਤ)
ਪ੍ਰਕਾਸ਼ਨ ਵਰ੍ਹਾ : 2015
ਕਵਿੱਤਰੀ : ਸਤਨਾਮ ਚੌਹਾਨ
ਕਿੱਤਾ  : ਨੌਕਰੀਪੇਸ਼ਾ
ਮੌਜੂਦਾ ਰਿਹਾਇਸ਼ : #1349, ਫ਼ੇਜ਼-2, ਅਰਬਨ ਐਸਟੇਟ, ਪਟਿਆਲਾ, ਪੰਜਾਬ, ਭਾਰਤ-147002
ਸੰਪਰਕ   : https://www.facebook.com/satnam.chauhan1 
ਫ਼ੋਨ  :  98886-15531
ਕਵਰ ਡਿਜ਼ਾਇਨ : ਰਾਬੀਆ ਗ੍ਰਾਫ਼ਿਕਸ, 98886-92825
ਪ੍ਰਕਾਸ਼ਕ  : ਪ੍ਰਤੀਕ ਪ੍ਰਕਾਸ਼ਨ, 718, ਰਣਜੀਤ ਨਗਰ-ਏ, ਪਟਿਆਲਾ, ਪੰਜਾਬ, ਭਾਰਤ, ਫ਼ੋਨ-98882-92825

ਮਾਂ, ਪਿਓ, ਪਤੀ ਅਤੇ ਧੀਆਂ ਆਦਿ ਰਿਸ਼ਤਿਆਂ ਦੀ ਸਮਝ ਹੋਣਾ ਇਕ ਗੱਲ ਹੈ, ਇਨ੍ਹਾ ਰਿਸ਼ਤਿਆਂ ਨੂੰ ਤਾ-ਉਮਰ ਨਿਭਾਉਣਾ ਇਕ ਵੱਖਰਾ ਵੱਲ ਹੈ ਅਤੇ ਇਨ੍ਹਾ ਰਿਸ਼ਤਿਆਂ ਨੂੰ ਕਾਵਿ ਹਰਫ਼ਾਂ ਵਿਚ ਸੰਜੋ ਕਿ ਪਾਠਕਾਂ ਮੂਹਰੇ ਪੇਸ਼ ਕਰਨਾ ਇਕ ਗੁਣ ਅੱਵਲ ਹੈ। ਜ਼ਿੰਦਗ਼ੀ ਵਿਚ ਬਹੁਤੇ ਰਿਸ਼ਤਿਆਂ ਦੀ ਬੁੱਕਤ ਉਦੋਂ ਪੈਂਦੀ ਹੈ ਜਦੋਂ ਅਸੀਂ ਉਨ੍ਹਾ ਰਿਸ਼ਤਿਆਂ ਰਾਹੀਂ ਆਪਣੇ ਨਾਲ ਜੁੜੇ ਜੀਆਂ ਨੂੰ ਅਸੀਂ ਜਾਣੇ, ਅਨਜਾਣੇ ਜਾਂ ਕੁਦਰਤੀ ਹੀ ਗਵਾ ਲੈਂਦੇ ਹਾਂ। ਰਿਸ਼ਤਿਆਂ ਦੇ ਕੁਝ ਅਜਿਹੇ ਹੀ ਅਹਿਸਾਸਾਂ ਨੂੰ ਸ਼ਬਦਾਂ ਦੀ ਬਗ਼ੀਚੀ ਵਿਚ ਬਾਖ਼ੂਬੀ ਸਿੰਜੋ ਕੇ, ਸੁਗੰਧਾਂ ਭਰੇ ਮਾਹੋਲ ਸਿਰਜ ਕੇ, ਮੁਟਿਆਰਾਂ ਵਰਗੀਆਂ ਚੰਚਲ ਅਤੇ ਸੀਲ ਸੁਭਾ ਦੀਆਂ ਰੰਗ ਬਿਰੰਗੀਆਂ ਤਿਤਲੀਆਂ ਤੀਕ ਆਪਣਾ ਸੁਨੇਹਾ ਪੁਜਾਉਣ ਲਈ ਕਵਿੱਤਰੀ ਸਤਨਾਮ ਕੌਰ ਨੇਂ ਪਾਠਕਾਂ ਲਈ ਸਿਰਜੀ ਹੈ ਆਪਣੀ ਪਲ੍ਹੇਠੀ ਕਾਵਿ ਪੁਸਤਕ "ਕਹੋ ਤਿਤਲੀਆਂ ਨੂੰ" ਜਿਸਦੀ ਭਾਰਤ ਵਿਚ ਕੀਮਤ ਰੁਪਏ੨੦੦ ਰੱਖੀ ਗਈ ਹੈ ਅਤੇ ਜਿਸਦਾ I.S.B.N.ਨੰਬਰ : 978-93-81105-58-0 ਹੈ। ਇਹ ਪੁਸਤਕ ਆਪ ਮੁਹਾਰੇ ਦੱਸਦੀ ਹੈ ਕਿ ਕਵਿੱਤਰੀ, ਜਿਸਨੇ ਕਿ ਸੁਰਤ ਸੰਭਾਲਣ ਤੋਂ ਪਹਿਲਾਂ, ਬਾਲੜ੍ਹੀ ਉਮਰੇ ਹੀ ਆਪਣੀ ਮਾਂ ਨੂੰ ਗਵਾ ਲਿਆ ਹੈ, ਕਿੰਨੀ ਅਫ਼ਸੋਸਜ਼ਦਾਂ ਹੈ ਅਤੇ ਹਰ ਦਿਨ, ਹਰ ਪਲ ਇਹੋ ਸੋਚ ਸੋਚ ਕੇ ਝੁਰਦੀ, ਮਰਦੀ ਰਹਿੰਦੀ ਹੈ ਕਿ ਉਹ ਉੱਸਰਦੀ ਉਮਰੇ ਆਪਣੀ ਮਾਂ ਦੀਆਂ ਸੁਆਣ-ਮੱਤਾਂ ਨਹੀਂ ਲੈ ਸਕੀ:

ਕਿਉਂਕਿ ਮੇਰੇ ਸੁਰਤ ਸੰਭਾਲਣ ਤੋਂ
ਪਹਿਲਾਂ ਹੀ ਪਤਾ ਨਹੀਂ
ਕਿਹੜੇ ਅਨਜਾਣ ਰਾਹਾਂ 'ਤੇ
ਗੁੰਮ ਹੋ ਗਈ ਮਾਂ… ।      (ਸਫ਼ਾ-11)


ਰਿਸ਼ਤਿਆਂ ਦੀ ਜਾਣਕਾਰ ਕਵਿੱਤਰੀ, ਜੋ ਆਪਣੀ ਮਾਂ ਦੀ ਸੂਝਮੱਤਾ ਭਰੀ ਬੁੱਕਲ ਨੂੰ ਬਹੁਤਾ ਨਹੀਂ ਹੰਢਾ ਸਕੀ, ਆਪਣੀਆਂ ਧੀਆਂ ਉਪਰ ਉਹ ਪਿਆਰ ਰੱਜ ਕੇ ਲੁਟਾਉਣਾ ਚਾਹੁੰਦੀ ਹੈ ਜਿਸ ਪਿਆਰ ਤੋਂ ਉਹ ਆਪ ਮਹਿਰੂਮ ਹੀ ਰਹਿ ਗਈ ਸੀ। ਉਸ ਲਈ ਧੀਆਂ ਪੁੱਤਰਾਂ ਜਿਹੀਆਂ ਹਨ, ਜਾਂ ਇੰਝ ਕਹਿ ਲਈਏ ਕਿ ਪੁੱਤਰਾਂ ਨਾਲੋਂ ਵੀ ਵੱਧ ਕੇ ਹਨ ਜਿਨ੍ਹਾ ਦੀ ਸੁੱਖ ਮੰਗਦੀ ਹੋਈ ਉਹ ਇਕ ਹਿਫ਼ਾਜ਼ਤੀ ਚੱਟਾਨ ਵਾਂਗ ਖੜ੍ਹੀ ਹੋ ਜਾਂਦੀ ਹੈ:

ਧੀਆਂ ਧਿਆਣੀਆਂ ਨੇ
ਵਿਧਾਤਾ ਨੇ ਕੀਤੀ
ਇਹ ਨਾਯਾਬ ਬਖ਼ਸ਼ਿਸ਼
ਜੰਮਣ ਤੇ ਦਾਦੀ ਨੇ ਕੀਤਾ ਅਫ਼ਸੋਸ
ਮੈਂ ਲੜੀ ਜ਼ਮਾਨੇ ਨਾਲ
ਨਹੀਂ ਕੀਤੀ ਪ੍ਰਵਾਹ ਕਿਸੇ ਦੀ
ਸ਼ਾਲਾ ! ਇਹ ਧੀਆਂ
ਬਹੁਤ ਖ਼ੁਸ਼ ਰਹਿਣ
ਟਹਿਕਣ ਵਾਂਗ ਫੁੱਲਾਂ ਦੇ ਸਦਾ।      (ਸ਼ਫ਼ਾ-15)

ਇਕ ਨੌਕਰੀਪੇਸ਼ਾ ਅੋਰਤ ਹੋਣ ਦੇ ਨਾਤੇ, ਕਵਿੱਤਰੀ ਨੂੰ ਰਿਸ਼ਤਿਆਂ ਦੇ ਨਾਲ ਨਾਲ ਰੋਟੀ ਦੀ ਲੋੜ, ਥੌੜ੍ਹ ਅਤੇ ਅਹਿਮੀਅਤ ਦਾ ਵੀ ਚੰਗਾ ਗਿਆਨ ਹਾਸਿਲ ਹੈ। ਉਹ ਜਾਣਦੀ ਹੈ ਕਿ ਰੋਟੀ ਲਈ ਕੋਈ ਮਜਬੂਰ ਕਿਸ ਹੱਦ ਤੀਕ ਗਿਰ ਸਕਦਾ ਹੈ। ਕਿਸੇ ਘਟਨਾ ਵਿਸੇਸ਼ ਨੂੰ ਵੇਖ ਕੇ ਉਸਦੇ ਕਵੀ ਮਨ ਅੰਦਰ ਕਿਸ ਤਰ੍ਹਾਂ ਵਲਵਲੇ ਉੱਠਦੇ ਹਨ ਅਤੇ ਕਿੰਝ ਉਹ ਵਲਵਲੇ ਇਕ ਕਾਵਿ ਸਾਗਰ ਦਾ ਰੂਪ ਅਖ਼ਤਿਆਰ ਕਰ ਲੈਂਦੇ ਹਨ, ਇਨ੍ਹਾ ਸੱਭ ਪ੍ਰਸੰਗਾਂ ਦਾ ਵਿਆਖਿਆਨ ਇਹ ਪੁਸਤਕ ਆਪ ਕਰਦੀ ਹੈ:

ਰੋਟੀ ਖ਼ਾਤਿਰ
ਕੀ ਨਹੀਂ ਕਰਦਾ ਬੰਦਾ
ਹਰ ਉਹ ਕੰਮ ਜੋ
ਵਰਜਿਤ ਹੁੰਦੇ ਹਨ …    (ਸਫ਼ਾ-19)
(ਅਤੇ)
ਜਦੋਂ ਗ਼ਰੀਬ ਦਾ ਬੱਚਾ
ਰੋਟੀ ਲਈ ਤਰਸੇ
ਤਾਂ ਆ ਮੇਰੇ ਕੋਲ ਬਹਿ ਰੋਂਦੀ
ਛਮ – ਛਮ …
ਕਵਿਤਾ ……     (ਸਫ਼ਾ-38)


ਬਾਲੜ੍ਹੀ ਉਮਰੋਂ ਲੰਘ ਕੇ ਮੁਟਿਆਰ ਹੋਈ ਕਿਸੇ ਕੁੜੀ ਦੇ ਸਮੁੰਦਰ ਵਰਗੇ ਵਿਸ਼ਾਲ ਅਤੇ ਪਾਣੀ ਵਾਂਗੂ ਸੁਥਰੇ ਦਿਲ ਦੀਆਂ ਗਹਿਰਾਈਆਂ ਵਿਚ ਉਤਰਨਾ ਕਵਿੱਤਰੀ ਦੀ ਕਾਵਿ ਪ੍ਰਤਿਭਾ ਲਈ ਇੰਨਾ ਸੌਖਾ ਜਾਪਦਾ ਹੈ ਜਿੰਝ ਉਸਨੇ ਆਪਣੀ ਹੀ ਕਿਸੇ ਜੀਵਨ ਘਟਨਾ ਨੂੰ ਪਨਡੁੱਬੀ ਬਣਾ ਲਿਆ ਹੋਵੇ: 

…ਕੁੜੀਆਂ……
…ਪਤਾ ਨਹੀਂ ਕਦੋਂ
ਕਰ ਬੈਠਦੀਆਂ ਮੁਹੱਬਤ
ਜੜ੍ਹ ਲੈਂਦੀਆਂ ਚੁੰਨੀ ;ਤੇ ਸਿਤਾਰੇ…
……
'ਤੇ… 'ਤੇ ਫੇਰ ਅੱਲੜ੍ਹਾਂ
ਮਾਪਿਆਂ ਦੀ ਇੱਜ਼ਤ
ਭਰਾਵਾਂ ਦੀਆਂ ਪੱਗਾਂ ਖ਼ਾਤਿਰ
ਤੁਰ ਪੈਂਦੀਆਂ ਕਿਸੇ ਹੋਰ ਰਾਹ   (ਸਫ਼ਾ-49)


ਪਦਾਰਥਵਾਦੀ ਇਸ ਸੰਸਾਰ ਵਿਚ ਕਵਿਤਰੀ ਨੇ ਮਨੁੱਖੀ ਭਾਵਨਾਵਾਂ ਰਾਹੀਂ ਪਦਾਰਥਾਂ ਵਿਚ ਵੀ ਜੀਵਨ ਸੰਚਾਰ ਕਰਨ ਦਾ ਗੁਣ ਸੰਜੋਇਆ ਹੋਇਆ ਹੈ ਜੋ ਕਿਸੇ ਮਕਾਨ ਨੂੰ ਘਰ ਵਿਚ ਤਬਦੀਲ ਕਰਨ ਦੀ ਤਾਕਤ ਰੱਖਦਾ ਹੈ ਅਤੇ ਅਜਿਹੇ ਕਾਰਜਾਂ ਲਈ ਅਕਸਰ ਲੋੜੀਂਦਾ ਹੁੰਦਾ ਹੈ:  

ਘਰ ਉਹ ਹੁੰਦਾ
ਜਿੱਥੇ ਆਤਮਾ ਵੱਸਦੀ
ਜਿੱਥੇ ਸਕੂਨ ਮਿਲਦਾ…
…ਘਰ ਸਿਰਫ…
ਸਿਰਫ ਕੰਧਾਂ ਦੀ ਚਾਰ ਦੀਵਾਰੀ ਨਹੀਂ ਹੁੰਦਾ…    (ਸਫ਼ਾ-63)

ਧੀ ਜਾਂ ਪੁੱਤਰ ਵਿਸੇਸ਼ ਦੀ ਤਮਾਂ ਤੋਂ ਰਹਿਤ ਹੋ ਕਿ ਮਾਂ ਹੋਣ ਦਾ ਅਹਿਸਾਸ ਕਿੰਨਾ ਕੂ ਮਿੱਠਾ, ਕਿੰਨਾ ਕੂ ਪਵਿੱਤਰ ਅਤੇ ਕਿੰਨਾ ਕੂ ਸੁਖਦਾਇਕ ਹੁੰਦਾ ਹੈ ਇਸ ਨੂੰ ਇਕ ਮਾਂ ਹੋਣ ਦੇ ਨਾਤੇ ਕਵਿੱਤਰੀ ਨੇ ਬਹੁਤ ਸੁੰਦਰ ਅਤੇ ਸਰਲ ਸ਼ਬਦਾਂ ਵਿਚ ਚਿਤਰਿਆ ਹੈ:

...ਨਿੱਕਾ ਬਾਲ, ਨਿੱਕੇ ਨਿੱਕੇ ਹੱਥ, ਨਿੱਕੇ ਨਿਕੇ ਪੈਰ
ਉਸ ਵਕਤ ਉਹ ਮਾਂ ਹੈ, ਭਾਵੇਂ ਧੀ  ਭਾਵੇਂ ਪੁੱਤਰ
ਬੱਚਾ ਜਦੋਂ ਮਾਂ ਦੀ ਛਾਤੀ ਨਾਲ ਬੁੱਲ੍ਹ ਲਾਉਂਦਾ ਹੈ
ਤਾਂ ਉਸ ਵੇਲੇ
'ਰੱਬ' ਹੋ ਜਾਂਦੀ
'ਮਾਂ' ।        (ਸਫ਼ਾ-68)


ਇੱਥੇ ਹੀ ਬਸ ਨਹੀਂ। ਕਵਿੱਤਰੀ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਅਤੇ ਸਮੇਂ ਦੇ ਸਤਾਏ ਵਰਗਾਂ ਦੇ ਹੱਕ ਵਿਚ ਬੋਲਣ ਲਈ ਵੀ ਤਤਪਰ ਰਹਿਣ ਵਾਲੀ ਇਕ ਨਿੱਡਰ ਅਤੇ ਨਿਰਪੱਖ ਅੋਰਤ ਵਾਂਗ ਲਿਖਣਾ ਆਪਣਾ ਫਰਜ਼ ਸਮਝਦੀ ਹੈ। ਉਸਦੀ ਸਾਧਾਰਣ ਪਰ ਮਜ਼ਬੂਤ ਕਾਵਿ ਕਲਮ ਰੋਸ਼ਨੀ ਦੀ ਇਕ ਅਜਿਹੀ ਕਿਰਨ ਵਰਗੀ ਹੈ ਜੋ ਕਿਸੇ ਧਨਾਢ ਦੇ ਏ.ਸੀ. ਵਾਲੇ ਕਮਰੇ ਤੋਂ ਲੈ ਕਿ ਕਿਸੇ ਗ਼ਰੀਬ ਮਜ਼ਦੂਰ ਦੇ ਰੋਟੀ ਦੇ ਡੱਬੇ ਅੰਦਰ ਤੀਕ ਵੀ ਪਹੁੰਚ ਸਕਦੀ ਹੈ ਅਤੇ ਉਨ੍ਹਾ ਦੇ ਹਾਲ ਵੀ ਜਾਣ ਅਤੇ ਬਖ਼ਿਆਨ ਸਕਦੀ ਹੈ:

…ਉਹ ਕੀ ਜਾਣੇ ਤਪਸ਼ ਮੌਸਮਾਂ ਦੀ
ਜਿੜ੍ਹਾ ਏ.ਸੀ. 'ਚੋਂ
ਕਦੇ ਨਾ ਬਾਹਰ ਆਇਆ       (ਸਫ਼ਾ-82)
(ਜਾਂ)
ਮਜ਼ਦੂਰ ਰੋਜ਼ ਲੰਘਦਾ
ਬਾਗਾਂ, ਖੇਤਾਂ, ਖਲਿਆਣਾ ਕੋਲੋਂ…
ਹੱਥ ਵਿੱਚ ਫੜੀ
ਰੋਟੀ ਦਾ ਡੱਬਾ
ਡੱਬੇ ਵਿਚ ਸੁੱਕੀਆਂ ਰੋਟੀਆਂ…     (ਸਫ਼ਾ-83)

ਜ਼ਹਿਰਾਂ ਭਰੇ ਸਮਾਜ ਵਿਚ ਉੱਸਰਦੀਆਂ ਤਿਤਲੀਆਂ ਵਰਗੀਆਂ ਕੁੜੀਆਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਕਵਿੱਤਰੀ ਆਪਣੀ ਇਸ ਪੁਸਤਕ ਦੇ ਸਿਰਲੇਖ ਨੂੰ ਸਾਰਥਕ ਬਨਾਉਣਾ ਲੋਚਦੀ ਹੈ ਅਤੇ ਉਹ ਇਸ ਮਕਸਦੀ-ਸਫ਼ਰ ਦੀ ਪਹਿਲੀ ਦਹਿਲੀਜ਼ ਨੂੰ ਸਰ ਕਰਨ ਵਿਚ ਕਾਮਯਾਬ ਹੋਈ ਜਾਪਦੀ ਹੈ: 

…ਤਿਤਲੀਆਂ ਨੂੰ ਰੋਕੋ
ਨਾ ਜਾਣ…ਸ਼ਿਖਰ ਦੁਪਹਿਰਾਂ 'ਚ ਤਪਦੇ ਰਾਹਾਂ ਵੱਲ
ਇਥੇ ਮਨੁੱਖਾਂ ਦੀ ਸੋਚ
ਜ਼ਹਿਰੀਲੇ ਨਾਗਾਂ ਦੀ ਤਰ੍ਹਾਂ
ਪਤਾ ਨਹੀਂ ਕਦ ਡੰਗ ਮਾਰ ਦੇਵੇ
ਕਹੋ ਤਿਤਲੀਆਂ ਨੂੰ
ਕਿ ਮੋਸਮ ਗਰਮ ਨੇ……      (ਸਫ਼ਾ-88)


ਪ੍ਰਤੀਕ ਪ੍ਰਕਾਸ਼ਨ, ਪਟਿਆਲਾ, (ਪੰਜਾਬ, ਭਾਰਤ) ਰਾਹੀਂ ਪ੍ਰਕਾਸ਼ਿਤ ਇਸ ਕਿਤਾਬ ਦਾ ਮੁੱਖ ਬੰਧ ਪੰਜਾਬੀ ਦੀ ਕਵਿੱਤਰੀ ਅਤੇ ਲੇਖਿਕਾ ਪਾਲ ਕੌਰ ਨੇ ਲਿਖਿਆ ਹੈ ਅਤੇ ਉਘੇ ਕਵੀ ਅਤੇ ਸੰਪਾਦਕ ਅਮਰਜੀਤ ਕੌਂਕੇ ਹੋਰਾਂ ਵੱਲੋਂ ਇਸ ਪੁਸਤਕ ਦੀ ਸੰਭਾਵਨਾ ਭਰਪੂਰ ਕਵਿੱਤਰੀ ਨੂੰ ਵਿਸੇਸ਼ ਆਸੀਸ ਦਿੱਤੀ ਗਈ ਹੈ। ਸਤਨਾਮ ਚੌਹਾਨ ਨੇ ਆਮ ਬੋਲਚਾਲ ਦੀ ਭਾਸ਼ਾ, ਸਾਫ਼ ਸੁਥਰੀ ਸ਼ਬਦਾਵਲੀ ਅਤੇ ਸਧਾਰਣ ਸ਼ੈਲੀ ਵਿਚ ਪ੍ਰਸਤੁਤ, 88 ਸਫ਼ਿਆਂ ਵਾਲੀ ਇਹ ਪਲ੍ਹੇਠੀ ਕਿਤਾਬ ਸਮਰਪਿਤ ਕੀਤੀ ਹੈ ਉਡੀਕਦੀਆਂ ਅੱਖਾਂ ਨੂੰ; ਮਾਪਿਆਂ ਦਾ ਨਾਂ ਰੁਸ਼ਨਾਉਂਦੀਆਂ ਧੀਆਂ ਨੂੰ, ਧੀਆਂ ਨੂੰ ਚਿਰਾਗ਼ ਕਰਕੇ ਜਾਨਣ ਵਾਲੇ ਧੀਆਂ ਦੇ ਪਿਓ ਨੂੰ ਅਤੇ ਕਲਮ ਦੇ ਹੱਥੀਂ ਹਰਫ਼ਾਂ ਨੂੰ ਫੜਾਉਣ ਵਾਲੇ ਉਸ ਸੱਚੇ ਰੱਬ ਨੂੰ। ਪਸੰਦ ਜਾਂ ਨਾਪਸੰਦ ਰੂਪੀ ਪ੍ਰਤਿਕਿਰਿਆਵਾਂ ਨੂੰ ਸੁਣਨ ਦਾ ਹੌਂਸਲਾ ਰੱਖਣ ਵਾਲੀ ਇਹ ਕਵਿੱਤਰੀ ਆਪਣੇ ਪਾਠਕਾਂ ਦੀਆਂ ਆਲੋਚਨਾਵਾਂ ਖੁੱਲ ਕੇ ਮੰਗਦੀ ਹੈ ਤਾਂ ਜੋ ਉਹ ਆਪਣੀ ਕਲਮ ਹੱਥੀਂ ਫੜੇ ਹਰਫ਼ਾਂ ਨੂੰ ਹੋਰ ਸੰਵਾਰ ਸਕੇ। ਸੋ, ਪਾਠਕ ਆਪਣੀਆਂ ਉਸਾਰੂ ਪ੍ਰਤਿਕਿਰਿਆਵਾਂ ਸਤਨਾਮ ਚੌਹਾਨ ਨੂੰ ਉਸਦੇ ਪਤੇ #1349, ਫ਼ੇਜ਼-2, ਅਰਬਨ ਐਸਟੇਟ, ਪਟਿਆਲਾ, ਪੰਜਾਬ, ਭਾਰਤ-147002, ਫੇਸਬੁਕ ਅਕਾਉਂਟ https://www.facebook.com/satnam.chauhan1  ਜਾਂ ਫ਼ੋਨ ਨੰਬਰ 98886-15531 'ਤੇ ਭੇਜ ਸਕਦੇ ਹਨ ਤਾਂ ਜੋ ਕਵਿੱਤਰੀ ਉਪਰ ਕਲਾ ਦੀ ਦੇਵੀ ਮਾਂ ਸਰਸਵਤੀ ਦੀ ਕਿਰਪਾ ਹੋਰ ਵੀ ਵੱਧ ਹੋ ਸਕੇ।


ਸੁਨੀਲ ਕੁਮਾਰ 'ਨੀਲ'

ਸੰਗਰੂਰ, ਪੰਜਾਬ, ਭਾਰਤ

+91-94184-70707

No comments:

Post a Comment