ਪੁਸਤਕ ਸਮੀਖਿਆ:-
ਸਿਰਲੇਖ :
"ਪ੍ਰਿਜ਼ਮ 'ਚੋਂ ਲੰਘਦਾ ਸ਼ਹਿਰ" (ਗ਼ਜ਼ਲ ਸੰਗ੍ਰਿਹ)
I.S.B.N. ਨੰਬਰ : 978-9-3856701-4-5
ਕੀਮਤ :
ਰੁਪਏ 75 (ਭਾਰਤ)
ਪ੍ਰਕਾਸ਼ਨ ਵਰ੍ਹਾ : 2015
ਲੇਖਕ :
ਵਾਹਿਦ
ਵਿਦਿਆ : ਐਮ.ਫਿਲ.(ਵਿਸ਼ਾ:ਮਹਿੰਦਰ'ਦੀਵਾਨਾ' ਦਾ ਗ਼ਜ਼ਲ ਸੰਸਾਰ: ਮੂਲ ਸਰੋਕਾਰ ਅਤੇ ਸੰਚਾਰ)। ਪੀ.ਐਚ.ਡੀ.(ਪੜ੍ਹਾਈ ਜਾਰੀ ਹੈ): ਪੰਜਾਬੀ ਗ਼ਜ਼ਲ ਸਬੰਧੀ।
ਕਿੱਤਾ :
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਵਿਚ ਬਤੌਰ ਸੀਨੀਅਰ ਰਿਸਰਚ ਫੈਲੋ ਸੇਵਾਰਤ।
ਰਿਹਾਇਸ਼ :
ਪਿੰਡ ਖੜਿਆਲ, ਤਹਿਸੀਲ ਸੁਨਾਮ, ਜਿਲ੍ਹਾ ਸੰਗਰੂਰ, ਚੜ੍ਹਦਾ ਪੰਜਾਬ, ਭਾਰਤ।
ਕਵਰ ਡਿਜ਼ਾਇਨ : ਸਵਰਨਜੀਤ ਸਵੀ।
ਪ੍ਰਕਾਸ਼ਕ :
ਗ੍ਰੇਸ਼ੀਅਸ ਬੁਕਸ, ਅੇਸ.ਸੀ.ਓ.-23, ਸਾਹਮਣੇ ਪੰਜਾਬੀ ਯੁਨੀਵਰਸਿਟੀ, ਪਟਿਆਲਾ, ਪੰਜਾਬ (+91-981-561-6558; 0175-5007643)
ਵਿਗਿਆਨਿਕ ਯੁਗ ਵਿਚ ਮੁੱਢਲੀ ਸਿੱਖਿਆ ਦੌਰਾਨ ਹੀ ਆਪਾਂ ਸਾਰਿਆਂ ਨੇਂ ਪ੍ਰਿਜ਼ਮ ਦਿਆਂ ਗੁਣਾ ਨੂੰ ਪ੍ਰਯੋਗਾਂ ਰਾਹੀਂ ਬਾਖ਼ੂਬੀ ਪੜ੍ਹਿਆ ਅਤੇ ਪੜਚੋਲਿਆ ਹੋਇਆ ਹੈ ਕਿ ਕਿਸ ਤਰ੍ਹਾਂ ਸਫ਼ੈਦ ਰੌਸ਼ਨੀ ਜਦੋਂ ਪ੍ਰਿਜ਼ਮ 'ਚੋਂ ਲੰਘਾਈ ਜਾਂਦੀ ਹੈ ਤਾਂ ਪ੍ਰਿਜ਼ਮ ਦੀ ਭੋਤਿਗ ਗੁਣਸ਼ਕਤੀ ਸਫ਼ੈਦ ਰੰਗ ਵਿਚ ਮੌਜੂਦ ਸੱਤਾਂ ਰੰਗਾਂ ਨੂੰ ਵੱਖੋ-ਵੱਖ ਵੇਖਣ ਯੋਗ ਬਣਾ ਦਿੰਦੀ ਹੈ। ਇੱਥੇ ਕਹਿ ਸਕਦੇ ਹਾਂ ਕਿ ਪ੍ਰਿਜ਼ਮ ਇਕ ਉਤਪਾਦਕ ਹੈ ਸਤਰੰਗਾਂ ਦਾ। ਜੇਕਰ ਰੌਸ਼ਨੀ ਦੀ ਇਕ ਕਿਰਣ ਹੀ ਪ੍ਰਿਜ਼ਮ ਵਿਚੋਂ ਗ਼ੁਜ਼ਰ ਜਾਵੇ ਤਾਂ ਸਤਰੰਗ ਉਤਪੰਨ ਹੁੰਦੇ ਹਨ ਤੇ ਫਿਰ ਜੇਕਰ ਪੂਰੇ ਦਾ ਪੂਰਾ ਸ਼ਹਿਰ ਹੀ ਇਸ ਪ੍ਰਿਜ਼ਮ ਵਿਚੋਂ ਲੰਘਾ ਦਿੱਤਾ ਜਾਵੇ ਤਾਂ ਕੀ ਹੋਵੇਗਾ? ਇਹ ਸ਼ਹਿਰੀਆਂ ਦੀਆਂ ਸੋਚਾਂ ਦੇ ਬਦਲਾਵ ਦੇ ਲਈ ਇਕ ਵੱਡੀ ਕ੍ਰਾਂਤੀ ਵਰਗਾ ਹੋਵੇਗਾ। ਵਾਹਿਦ ਉਹ ਹੁੰਦਾ ਹੈ ਜਿਸਦਾ ਕੋਈ ਸਾਨੀ ਨਾ ਹੋਵੇ ਅਤੇ ਇਸ ਪੁਸਤਕ ਦੇ ਲਿਖਾਰੀ, ਗ਼ਜ਼ਲਗੋ ਵਾਹਿਦ ਦੀ ਸੋਚ ਦਾ ਵੀ ਕੋਈ ਸਾਨੀ ਨਹੀਂ ਜੋ ਕੁਝ ਗਿਣੇ ਚੁਣੇ ਸਰੋਤਿਆਂ ਨੂੰ ਹੀ ਆਪਣੀਆਂ ਗ਼ਜ਼ਲਾਂ ਸੁਣਾ ਕੇ ਵਾਹਵਾਹੀ ਨਹੀਂ ਲੁੱਟਣਾ ਚਾਹੁੰਦਾ ਸਗੋਂ ਉਹ ਆਪਣੀਆਂ ਰਚਨਾਵਾਂ ਦਾ ਪਾਠਕਾਂ ਵੱਲੋਂ ਪਠਨ ਲੌਚਦਾ ਹੈ। ਵਾਹਿਦ ਲੋਚਦਾ ਹੈ ਕਿ ਪਾਠਕ ਉਸਦੀਆਂ ਰਚਨਾਵਾਂ ਨੂੰ ਸਿਰਫ਼ ਮਨੋਰੰਜਨ ਲਈ ਉਪਰੋਂ ਉਪਰੋਂ ਹੀ ਨਾ ਪੜ੍ਹਨ ਸਗੋਂ ਇਨ੍ਹਾ ਦੀ ਗਹਿਰਾਈ ਨੂੰ ਸਮਝਣ ਲਈ ਵਾਰ ਵਾਰ ਪੜ੍ਹਨ ਅਤੇ ਇਨ੍ਹਾ ਰਚਨਾਵਾਂ ਦੀ ਤਹਿ ਤੀਕ ਪਹੁੰਚਣ ਤਾਂ ਜੋ ਉਸਦੇ ਪਾਠਕ ਸਾਹਿਤ ਦੇ ਮਹਿਜ਼ ਉਪਭੋਗਤਾ ਨਾ ਬਣਨ ਸਗੋਂ ਆਪ ਮੁਹਾਰੇ ਹੀ ਸਾਹਿਤ ਦੇ ਚੰਗੇ ਉਤਪਾਦਕ ਵੀ ਹੋ ਨਿਬੜਨ ਤਾਂ ਜੋ ਸਾਹਿਤ ਰਚਨਾ ਦੀ ਲੜ੍ਹੀ ਪੀੜ੍ਹੀ ਦਰ ਪੀੜ੍ਹੀ ਅਗਾਂਹ ਵੱਧਦੀ ਰਹੇ। ਵਾਹਿਦ ਦਾ ਸੁਫ਼ਨਾ ਹੈ ਕਿ ਇਹ ਸ਼ਹਿਰ ਮਹਿਜ਼ ਸਫ਼ੈਦ ਹੀ ਨਾ ਰਹਿਣ ਬਲਕਿ ਸਾਹਿਤ ਪਠਨ ਪ੍ਰਕਿਰਿਆ ਦੇ ਪ੍ਰਿਜ਼ਮ 'ਚੋਂ ਲੰਘਦਿਆਂ ਹੋਇਆਂ ਨਿਰੰਤਰ ਸਤਰੰਗੀ ਬਣਦੇ ਰਹਿਣ, ਇੰਨੇ ਸਤਰੰਗੀ ਕਿ ਫਿਰ ਮੁੜ ਕੇ ਸਫ਼ੈਦ ਪੌਸ਼ ਨਾ ਬਣ ਸਕਣ:
ਤੇਰੇ ਬਿਨਾ ਕੋਈ ਵੀ ਇਕੱਠਾ ਨਾ ਕਰ ਸਕੇ
ਮੈਂ ਖ਼ੁਦ ਨੂੰ ਇਉਂ ਖ਼ਿਲਾਰ ਲਵਾਂਗਾ ਤੇਰੇ ਬਗ਼ੈਰ (ਸਫ਼ਾ-11)
ਵਾਹਿਦ ਜਾਣਦਾ ਹੈ ਕਿ ਇਹ ਦੁਨੀਆਂ ਮੁੰਹਖੋਟੇ ਧਾਰਣ ਕਰਕੇ ਰੱਖਦੀ ਹੈ, ਅੰਦਰੋਂ ਕੁਝ ਹੋਰ ਹੁੰਦੀ ਹੈ ਅਤੇ ਬਾਹਰੋਂ ਕੁਝ ਹੋਰ ਦਿਸਦੀ ਹੈ। ਉਹ ਇਹ ਵੀ ਬਾਖ਼ੂਬੀ ਜਾਣਦਾ ਹੈ ਕਿ ਸਫ਼ੈਦ ਪੌਸ਼ ਦੁਨੀਆਂ ਦੇ ਇਸ ਸਫ਼ੈਦ ਰੰਗ ਤੋਂ ਉਸਦਾ ਆਪਣਾ ਸੱਜਣ ਵੀ ਅਛੂਤਾ ਨਹੀਂ ਹੈ:
ਖ਼ੁਦ ਨੂੰ ਜ਼ਾਹਰ ਨਾ ਕਰ ਏਨਾ ਕਿ ਬਿਖਰ ਜਾਵਾਂਗਾ
ਤੈਨੂੰ ਵੀ ਜਾਣ ਲਿਆ ਤਾਂ ਮੈਂ ਕਿਧਰ ਜਾਵਾਂਗਾ (ਸ਼ਫ਼ਾ-14)
ਇਕ ਪੇਂਡੂ ਰਹਿਣ ਸਹਿਣ ਹੁੰਦਾ ਸੀ ਜਿਸ ਵਿਚ ਹਰੇਕ ਘਰ ਵਿਚ ਬਸ ਇੱਕਾ ਦੁੱਕਾ ਹੀ ਕਮਰੇ ਹੁੰਦੇ ਸਨ ਅਤੇ ਮੰਜੀਆਂ ਵਿਹੜੇ ਵਿਚ ਹੀ ਵਿਛਦੀਆਂ ਸਨ। ਵਿਹੜਾ ਵੀ ਅਜਿਹਾ ਕਿ ਜਿਸ ਤੋਂ ਇਹ ਵਖਰੇਵਾਂ ਵੀ ਨਹੀਂ ਸੀ ਭਾਲ ਹੁੰਦਾ ਕਿ ਗਵਾਂਢੀ ਦੇ ਮਕਾਨ ਦੀ ਹੱਦ ਕਿੱਥੋਂ ਸ਼ੁਰੂ ਹੁੰਦੀ ਹੈ। ਲੋਕ ਆਪਮੁਹਾਰੇ ਹੀ ਪਾਠਕ ਹੁੰਦੇ ਸਨ, ਇਕ ਇਨਸਾਨ ਦਾ ਮਨ ਦੂਸਰੇ ਇਨਸਾਨ 'ਤੋਂ ਸਾਫ ਪੜ੍ਹ ਹੁੰਦਾ ਸੀ। ਪਰ ਕਵੀ ਮੁਤਾਬਿਕ ਪਿੰਡ ਵੀ ਹੁਣ ਸਤਰੰਗੇ ਪਿੰਡ ਨਹੀਂ ਰਹੇ। ਹਿਰਸੀ ਪੇਂਡੂ ਲੋਕ ਹੁਣ ਉਤਪਾਦਕ ਨਹੀਂ ਰਹੇ ਸਗੋਂ ਸ਼ਹਿਰਾਂ ਦੇ ਸਫ਼ੈਦ ਪੌਸ਼ ਰਹਿਣ ਸਹਿਣ ਦੀ ਨਕਲ ਸਦਕਾ ਮਹਿਜ਼ ਉਪਭੋਗਤਾ ਹੀ ਬਣ ਗਏ ਹਨ, ਵਖਰੇਵੇਂ ਦੇ ਉਪਭੋਗਤਾ:
ਇਕ ਵੱਖਰੀ ਦੁਨੀਆਂ ਹੈ ਹੁਣ ਤਾਂ ਹਰ ਇਕ ਦੀ ਹੀ
ਹਰ ਘਰ ਵਿਚ ਘਰ ਓਨੇ ਜਿੰਨੇ ਵੀ ਕਮਰੇ ਨੇ
ਅੰਦਰੋਂ ਤਾਂ ਘਰਾਂ ਵਾਂਗੂ ਹੋਏ ਖੇਰੂੰ-ਖੇਰੂੰ
ਇਹ ਲੋਕ ਮਕਾਨਾ ਜਿਉਂ ਬਾਹਰੋਂ ਹੀ ਸੰਵਰੇ ਨੇ (ਸਫ਼ਾ-21)
ਵਾਹਿਦ ਨੂੰ ਸਫ਼ੈਦ ਪੌਸ਼ੀ ਰੱਖਣ ਲਈ ਬੋਲਿਆ ਝੂਠ ਰਤਾ ਵੀ ਨਹੀਂ ਭਾਉਂਦਾ। ਕੀਤੇ ਕੌਲ ਤੋਂ ਮੁਕਰਨਾ ਉਸਨੂੰ ਗਵਾਰਾ ਨਹੀਂ। ਜਿੱਥੇ ਉਹ ਆਪਣੇ ਸੱਜਣ ਦੀ ਝੂਠ ਦੇ ਰੰਗਾਂ ਨਾਲ ਸਵਰੀ ਤਸਵੀਰ ਦੀ ਨਿਖੇਦੀ ਕਰਨ ਦਾ ਹੌਂਸਲਾ ਰੱਖਦਾ ਹੈ ਉੱਥੇ ਹੀ ਉਹ ਸੱਜਣ ਦੇ ਪ੍ਰਤੀ ਆਪਣੇ ਮੋਹ ਨੂੰ ਵੀ ਆਪਣੇ ਹੀ ਲਫ਼ਜ਼ੀ ਰੰਗਾਂ ਵਿਚ ਚਿੱਤਰਦਾ ਹੈ:
ਲਫ਼ਜ਼ ਉਸਦੇ ਉਦ੍ਹੇ ਭਾਵਾਂ ਤੋਂ ਮੁਕਰਦੇ ਵੇਖੇ
ਇਉਂ ਵੀ ਨੇ ਫ਼ਾਸਿਲੇ ਮੈਂ ਉਸ ਤੋਂ ਉਸੇ ਦੇ ਵੇਖੇ
……
ਸੁੱਖ ਹੋਵੇ ਕਿ ਮੈਂ ਅਜ ਯਾਦ ਤੇਰੀ ਦੇ ਜੁਗਨੂੰ
ਸੁੱਖ ਹੋਵੇ ਕਿ ਮੈਂ ਅਜ ਯਾਦ ਤੇਰੀ ਦੇ ਜੁਗਨੂੰ
ਛੁਪ ਕੇ ਮੇਰੇ ਮਨ ਦੇ ਹਨੇਰੇ ਤੋਂ ਗੁਜ਼ਰਦੇ ਵੇਖੇ (ਸਫ਼ਾ-34)
ਵਾਹਿਦ ਬੇਸ਼ਕ ਇਕ ਪ੍ਰਿਜ਼ਮ ਜਿਹਾ ਹੈ ਜੋ ਅਸਲੀਅਤ ਨੂੰ ਪੜ੍ਹਚੋਲਦਾ ਹੈ ਪਰ ਉਹ ਤਾਨਾਸ਼ਾਹ ਨਹੀਂ ਹੈ। ਉਹ ਨਿੱਜ ਸਵਾਰਥ ਤੋਂ ਰਹਿਤ ਪ੍ਰੇਮ ਵਿਚ ਵਿਸਵਾਸ਼ ਕਰਦਾ ਹੈ। ਉਹ ਖ਼ੁਦ ਆਜ਼ਾਦ ਸੋਚ ਦਾ ਧੌਤਕ ਹੈ। ਸ਼ਾਇਦ ਇਸੇ ਕਰਕੇ ਉਹ ਕਿਸੇ ਨੂੰ ਵੀ ਆਪਣੀ ਸੋਚ ਦੀਆਂ ਬੇੜੀਆਂ ਵਿਚ ਬੰਨ੍ਹ ਕੇ ਨਹੀਂ ਰੱਖਣਾ ਚਾਹੁੰਦਾ ਸਗੋਂ ਆਜ਼ਾਦ ਵੇਖਣਾ ਚਾਹੁੰਦਾ ਹੈ:
ਨਾ ਬਹੁਤਾ ਸੋਚ ਮੇਰੀ ਨੇੜਤਾ ਤੋਂ ਮੁਕਤ ਹੋ ਜਾ ਤੂੰ
ਜੇ ਤੇਰਾ ਦਾਇਰਾ ਹੈ ਮੇਰੇ ਕਾਰਨ ਸਿਮਟਿਆ ਹੋਇਆ (ਸਫ਼ਾ-47)
ਸ਼ਾਇਰ ਮਰ ਮਰ ਕੇ ਜੀਣ ਨਾਲੋਂ ਜੀ ਜੀ ਕੇ ਮਰਨ ਵਿਚ ਜ਼ਿਆਦਾ ਵਿਸਵਾਸ਼ ਰੱਖਦਾ ਹੈ:
ਕਿਸ਼ਤ ਦਰ ਕਿਸ਼ਤ ਦੇ ਇਸ ਜੀਣੇ ਤੋਂ ਤੰਗ ਆਇਆਂ
ਸਾਰਾ ਇਕ ਵਾਰ 'ਚ ਜੀਅ ਲੈ ਤੇ ਮੁਕਾ ਦੇ ਮੈਨੂੰ (ਸਫ਼ਾ-51)
ਵਾਹਿਦ ਦੀਆਂ ਗ਼ਜ਼ਲਾਂ ਵਿਚ ਸਮੁੰਦਰਾਂ ਜਿਹੀ ਗਹਿਰਾਈ ਹੈ ਅਤੇ ਇਸ ਗਹਿਰਾਈ ਨੂੰ ਮਾਪਣ ਲਈ ਤਹਿ ਤੀਕ ਉਤਰਨਾ ਭਾਵ ਉਸਦੇ ਅਸ਼ਵਾਰਾਂ ਨੂੰ ਵਾਰ ਵਾਰ ਪੜ੍ਹਨਾ ਬੇ-ਹੱਦ ਲਾਜ਼ਮੀ ਹੈ। ਉਂਝ ਤਕਨੀਕੀ ਤੌਰ ਤੇ ਗੱਲ ਕਰੀਏ ਤਾਂ ਉਸਦੀਆਂ ਕਈ ਗ਼ਜ਼ਲਾਂ ਵਿਚ ਰਦੀਫ਼ ਤੇ ਬਹੁਤਾ ਤਵੱਜੋ ਨਹੀਂ ਦਿਤਾ ਗਿਆ ਹੈ ਅਤੇ ਨਾਲ ਹੀ ਚੁਸਤ ਕਾਫ਼ਿਏ ਦੀ ਵੀ ਕਮੀ ਹੈ ਜਦੋਂ ਕਿ ਸੁਸਤ ਕਾਫ਼ੀਏ ਦੀ ਬਹੁਤਾਤ। ਜਿਵੇਂ ਕਿ:- ਰੱਖੀ, ਭੁੱਲੀ, ਹੋਲ਼ੀ, ਜ਼ਰੂਰੀ, ਮਨਫੀ, ਆਪਣੀ, ਕਿੰਨੀ (ਸਫ਼ਾ-37)
ਰੋਟੀ ਲਈ ਅਕਸਰ ਮਿੱਟੀ 'ਤੋਂ ਜੁਦਾ ਹੋਣਾ ਪੈਂਦਾ ਹੈ ਅਤੇ ਮਿੱਟੀ ਵੱਲ ਵਾਰ ਵਾਰ ਢੁੱਕਣ ਲਈ ਸਫ਼ਰੀ ਬਣਨਾ ਪੈਂਦਾ ਹੈ। ਵਾਹਿਦ ਵੀ ਇਨ੍ਹਾ ਸਫ਼ਰਾਂ ਦਾ ਸਤਾਇਆ ਹੋਇਆ ਹੈ:
ਮਿਜ਼ਾਜ ਦੇ ਸੀ ਮੁਸਾਫ਼ਿਰ ਸਦਾ ਸਫ਼ਰ 'ਚ ਰਹੇ
ਨਾ ਇਕ ਵੀ ਅੱਖ 'ਚ ਵਸੇ ਉਂਝ ਹਰਿਕ ਨਜ਼ਰ 'ਚ ਰਹੇ (ਸਫ਼ਾ-29)
……
ਤੇਰੀ ਹੁਣ ਤੱਕ ਦੀ ਭਟਕਣ ਦਾ ਗਵਾਹ ਤੇ ਰਹਿਨੁਮਾ ਨੇ ਇਹ
ਤੇਰੀ ਹੁਣ ਤੱਕ ਦੀ ਭਟਕਣ ਦਾ ਗਵਾਹ ਤੇ ਰਹਿਨੁਮਾ ਨੇ ਇਹ
ਸਫ਼ਰ ਕਰਕੇ ਸਫ਼ਰ ਦਾ ਟਿਕਟ ਨਾ ਇਉਂ ਸੁੱਟਿਆ ਕਰ ਤੂੰ (ਸਫ਼ਾ-64)
ਪਿਤਾ ਸ੍ਰੀ ਲੀਲਾ ਸਿੰਘ ਜੋ ਕਿ ਇਕ ਕਿਰਤੀ ਹਨ ਅਤੇ ਮਾਤਾ ਸੁਰਜੀਤ ਕੌਰ ਜੋ ਕਿ ਇਕ ਘਰੇਲੂ ਔਰਤ ਹਨ ਕੋਈ ਬਹੁਤੇ ਪੜ੍ਹੇ ਨਹੀਂ ਸਨ। ਘਰ ਦੀ ਮਾਲੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਸੀ ਪਰ ਫਿਰ ਵੀ ਉਨ੍ਹਾ ਵਾਹਿਦ ਨੂੰ ਪੜ੍ਹਾਇਆ। ਆਸਵੰਦ ਵਾਹਿਦ ਨੇ ਫੋਜ ਦੀ ਨੌਕਰੀ ਲਈ ਇੰਟਰਵੀਊ ਦੇਣ ਜਾਣਾ ਸੀ ਪਰ ਠੀਕ ਇਕ ਦਿਨ ਪਹਿਲਾਂ 14 ਜੂਨ 2005 ਦੇ ਦਿਨ ਅਚਾਨਕ ਉਹ ਇਕ ਸੜ੍ਹਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਲਗਭਗ ਦੋ ਵਰ੍ਹਿਆਂ ਤੀਕ ਲੱਤਾਂ ਅਤੇ ਲੱਕ 'ਤੋਂ ਲਾਚਾਰ ਹੋ ਕਿ ਬਿਸਤਰ ਤੇ ਪਿਆ ਰਿਹਾ। ਉਸ ਲੰਮੇਰੇ ਸਮੇ ਵਿਚ ਸਾਹਿਤਕ ਕਿਤਾਬਾਂ ਹੀ ਉਸਦੀਆਂ ਦੋਸਤ ਬਣੀਆਂ ਜਿਨ੍ਹਾ 'ਤੋਂ ਉਸਨੂੰ ਸਾਹਿਤ ਪੜ੍ਹਨ ਅਤੇ ਲਿਖਣ ਦੀ ਚੇਟਕ ਲੱਗੀ। ਜਿਸਨੇ ਸ਼ਾਇਦ ਫੌਜੀ ਬਣਨਾ ਸੀ ਉਹ ਇਕ ਸਾਹਿਤਕਾਰ ਬਣ ਗਿਆ। ਉਸਨੇ 2007 ਵਿਚ ਲਿਖਣਾ ਸ਼ੁਰੂ ਕੀਤਾ ਅਤੇ ਸੁਖਵਿੰਦਰ 'ਪੱਪੀ' (ਐਡੀਟਰ ਤਿਮਾਹੀ 'ਸਰੋਕਾਰ') ਦੀ ਸੰਗਤ ਕਰਕੇ 2010 ਵਿਚ ਅਖ਼ਬਾਰਾਂ ਵਿਚ ਛਪਣ ਲੱਗ ਪਿਆ। ਗ਼ਜ਼ਲ ਦੀਆਂ ਬਾਰੀਕੀਆਂ ਲਈ ਜਗਤਾਰ ਸੇਖਾ (ਸੰਗਰੂਰ) ਦੀ ਸੰਗਤ ਕੀਤੀ ਅਤੇ ਅਰੂਜ਼ ਬਾਰੇ ਟੈਲੀਫੋਨ ਰਾਹੀਂ ਸ੍ਰੀ ਪ੍ਰੇਮ ਸਿੰਘ ਮਸਤਾਨਾ (ਬਰਨਾਲਾ ਲਾਗੇ ਪਿੰਡ) ਜੀ ਪਾਸੋਂ ਉਨ੍ਹਾ ਦੇ ਦੇਹਾਂਤ ਤੋਂ ਲਗਭਗ ਦੋ ਮਹੀਨੇ ਪਹਿਲਾਂ ਸਿੱਖਿਆ ਲੈਣੀ ਆਰੰਭੀ। ਆਪਣੇ ਚਰਿੱਤਰ ਨਿਰਮਾਣ ਵਿਚ ਉਹ ਆਪਣੇ ਕੁਲੀਗ ਅਤੇ ਦੋਸਤਾਂ ਬਲਕਾਰ ਔਲਖ ਅਤੇ ਗੁਰਦੇਵ ਸਿੰਘ ਦੇ ਨਾਂ ਮੁਹਰੀਂ ਰੱਖਦਾ ਹੈ। ਮਹਿਜ਼ ਇਕ ਸੜ੍ਹਕ ਹਾਦਸੇ ਨੇਂ ਉਸਦੇ ਜੀਵਨ ਦਾ ਰੁਖ਼ ਭਵਿੱਖਤ ਫੌਜੀ ਤੋਂ ਮੌਜੂਦਾ ਸਾਹਿਤਕਾਰ ਵਲ ਮੋੜ ਦਿੱਤਾ ਜਿਸ ਕਰਕੇ ਵਾਹਿਦ ਨੇ 64 ਸਫ਼ਿਆਂ ਵਾਲੀ, ਸਵਰਨਜੀਤ ਸਵੀ ਵੱਲੋਂ ਸ਼ਿੰਗਾਰੀ ਆਪਣੀ ਇਹ ਪਲ੍ਹੇਠੀ ਕਿਤਾਬ ਉਸੇ ਇਕ ਦਿਨ ਨੂੰ ਸਮਰਪਿਤ ਕੀਤੀ ਹੈ ਜੋ ਇਹ ਦਰਸਾਉਂਦੀ ਹੈ ਕਿ ਕਈ ਸ਼ਿਖ਼ਰਾਂ ਸਰ ਕਰ ਚੁੱਕਿਆ ਵਾਹਿਦ ਹਾਲੇ ਵੀ ਆਪਣੀਆਂ ਜੜ੍ਹਾਂ ਦੇ ਨਾਲ ਕਿੰਨਾ ਜੁੜਿਆ ਹੋਇਆ ਹੈ।
ਸੁਨੀਲ ਕੁਮਾਰ 'ਨੀਲ'
ਸੰਗਰੂਰ, ਪੰਜਾਬ, ਭਾਰਤ
+91-94184-70707
No comments:
Post a Comment