ਸੂਫੀਆਨਾ ਬਰਕਤ : ਉਸਤਾਦ ਬਰਕਤ ਸਿੱਧੂ ਜੀ
" ਸੰਗੀਤ ਦੇ ਦਰਬਾਰ ਵਿਚ ਇਕ ਸ਼ੋਕ ਵਰ੍ਹ ਗਿਆ
ਸ਼ਾਇਦ ਫਨਕਾਰ ਅੱਜ ਇਕ ਹੋਰ ਮਰ ਗਿਆ "
"ਪਟਿਆਲਾ-ਘਰਾਨਾ" ਸੰਗੀਤ ਦੀ ਬੇੜੀ ਦੇ ਮੌਜੂਦਾ ਦੌਰ ਦੇ ਅਹਿਮ ਮੱਲਾਹ ਮਸ਼ਹੂਰ ਸੂਫੀ ਅਤੇ ਲੋਕਗਾਇਕ ਜਨਾਬ ਬਰਕਤ ਸਿੱਧੂ ਜੀ ਹੁਣ ਸਾਡੇ ਦਰਮਿਆਨ ਨਹੀਂ ਰਹੇ। ਪਿਛਲੇ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝ ਰਹੇ ਬਰਕਤ ਜੀ ਨੇਂ 16 ਅਗਸਤ, 2014 ਦਿਨ ਸ਼ਨੀਵਾਰ ਦੀ ਰਾਤ ਨੂੰ ਕਰੀਬ ਪੌਣੇ ਗਿਆਰਾਂ ਵਜੇ ਮੋਗਾ ਵਿਖੇ ਇਕ ਦੋਸਤ ਦੇ ਘਰੀਂ ਆਪਣੇ ਆਖ਼ਰੀ ਸਾਂਹ ਲਏ। ਲਗਭਗ 68 ਵਰ੍ਹਿਆਂ ਦੇ ਸਿੱਧੂ ਜੀ ਨੂੰ ਇਸ ਬਿਮਾਰੀ ਕਰਕੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਜ਼ੇਰੇ-ਇਲਾਜ ਰਹੇ ਸਨ। ਉਹ ਨਾ ਸਿਰਫ ਆਪ ਗਾਉਂਦੇ ਸਨ ਬਲਕਿ ਕਈ ਹੋਰਨਾ ਨੂੰ ਇਕ ਉਸਤਾਦ ਵਜੋਂ ਸਿਖਾਉਂਦੇ ਵੀ ਸਨ। ਉਨ੍ਹਾ ਦੇ ਘੜੇ ਹੋਏ ਸ਼ਾਗਿਰਦ ਸਗੀਤ ਦੇ ਰਸਤੇ ਉਪਰ ਬੜੀ ਤੇਜੀ ਨਾਲ ਅਗਾਹੰ ਵਧ ਰਹੇ ਹਨ।
ਦਰਿਆ-ਏ-ਸਤਿਲੁਜ ਉਪਰੋਂ ਲੰਘਦੇ ਮੌਜੂਦਾ ਰਾਸ਼ਟਰੀ ਰਾਜਮਾਰਗ-71 ਦੇ ਇਰਦ-ਗਿਰਦ ਵੱਸੇ ਸ਼ਾਹਕੋਟ ਦੇ ਲਾਗਲੇ ਪਿੰਡ ਕਾਨਿਆਂ (ਜਿਲ੍ਹਾ ਜਲੰਧਰ, ਸੂਬਾ ਪੰਜਾਬ) ਵਿਚ ਦੇਸ਼ ਦੀ ਆਜ਼ਾਦੀ ਤੋਂ ਲਗਭਗ ਇਕ ਵਰ੍ਹਾ ਪਹਿਲਾਂ ਸਨ 1946 ਵਿਚ ਜਨਮੇਂ ਬਰਕਤ ਜੀ ਭਰਾ (ਕਜ਼ਿਨ) ਸਨ ਪੰਜਾਬੀ ਸੂਫੀ ਸੰਗੀਤ ਦੇ ਹੀ ਇਕ ਹੋਰ ਨਾਮਚੀਨ ਉਸਤਾਦ ਪੂਰਨ 'ਸ਼ਾਹਕੋਟੀ' ਜੀ ਦੇ। ਬਰਕਤ ਜੀ ਪੂਰੀ ਰੀਝ ਨਾਲ, ਅੰਦਰੋਂ ਹੋ ਕੇ, ਗੀਤ ਅਤੇ ਸੰਗੀਤ ਵਿਚ ਪੂਰੀ ਤਰ੍ਹਾਂ ਖੁਭ ਕੇ ਗਾਉਂਦੇ ਸਨ ਜੋ ਸੰਗੀਤ ਵਿਦਿਆ ਸਬੰਧੀ ਉਨ੍ਹਾ ਦੇ ਗਹਿਰੇ ਅਤੇ ਗੂੜ੍ਹ ਗਿਆਨ ਅਤੇ ਫਨ੍ਹ ਦਾ ਕੁਦਰਤੀ ਮੁਜ਼ਾਹਿਰਾ ਹੁੰਦਾ ਸੀ। ਉਹ ਅਕਸਰ ਬੈਠ ਕੇ ਗਾਉਂਦੇ ਸਨ ਅਤੇ ਗਾਉਣ ਵੇਲੇ ਆਪ ਵਾਜਾ (ਹਾਰਮੋਨੀਅਮ) ਵਜਾਉਂਦੇ।
ਜਨਾਬ ਬਰਕਤ ਸਾਹਿਬ ਦੀਆਂ ਮਸ਼ਹੂਰ ਸਗੀਤ ਐਲਬਮਾਂ ਹਨ:
ਜਨਾਬ ਬਰਕਤ ਸਾਹਿਬ ਦੀਆਂ ਮਸ਼ਹੂਰ ਸਗੀਤ ਐਲਬਮਾਂ ਹਨ:
ਦੀਦਾਰ ਮਾਹੀ ਦਾ, ਹਰ ਸੂਰਤ ਵਿਚ ਤੂੰ, ਰੋਮ-ਰੋਮ ਵਿਚ ਤੂੰ, ਦ ਬੈਸਟ ਆਫ ਬਰਕਤ ਸਿੱਧੂ।
ਆਪ ਜੀ ਦੀਆਂ ਮਸ਼ਹੂਰ ਰਚਨਾਵਾਂ ਹਨ:
ਅਲਿਫ ਅੱਲਾ, ਦੇਖੋ ਨੀਂ! ਕੀ ਕਰ ਗਿਆ ਮਾਹੀ ਅਤੇ ਉਠ ਗਏ ਗਵਾਂਢੋਂ ਯਾਰ ਰੱਬਾ! ਹੁਣ ਕੀ ਕਰੀਏ?
ਆਪ ਜੀ ਨੂੰ ਇਕ ਨਿਜੀ ਟੀਵੀ ਚੈਨਲ ਵੱਲੋਂ 'ਲਾਇਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਆ ਗਿਆ ਸੀ।
ਸੰਗੀਤ ਪੱਖੋਂ ਬੇਹਦ ਅਮੀਰ ਬਰਕਤ ਜੀ ਵਿੱਤੀ ਤੌਰ ਤੇ ਕੋਈ ਬਹੁਤੇ ਅਮੀਰ ਨਹੀਂ ਸਨ। ਉਨ੍ਹਾ ਨੇ ਨਾਮ ਅਤੇ ਦਾਮ ਕਮਾਉਣ ਦੀ ਬਜਾਇ ਮੁਕਾਮ ਕਮਾਉਣ ਉਪਰ ਵਧੇਰੇ ਜ਼ੋਰ ਦਿੱਤਾ। ਇਹ ਇਕ ਵਿਡੰਬਨਾ ਹੀ ਹੈ ਕਿ ਸੱਚੇ ਅਤੇ ਸੁੱਚੇ ਕਲਾਕਾਰਾਂ ਨੂੰ ਅਕਸਰ ਮੁਫਲਿਸੀ ਵਿਚ ਹੀ ਜੀਵਨ ਬਤੀਤ ਕਰਨੇ ਪੈਂਦੇ ਹਨ। ਇਹ ਵੀ ਇਕ ਸੰਜੋਗ ਹੀ ਹੈ ਕਿ ਪਿਛਲੇ ਹਫਤੇ ਹੀ ਛਪੇ ਕਾਲਮ 'ਗ਼ਜ਼ਲ-ਏ-ਕਲਾਕਾਰਾਂ' ਵਿਚ ਕਲਾਕਾਰਾਂ ਦੀ ਮਾੜੀ ਮਾਲੀ ਹਾਲਤ ਦਾ ਜ਼ਿਕਰ ਹੋਇਆ ਸੀ। ਉਸ ਵੇਲੇ ਇਹ ਨਹੀਂ ਸੀ ਪਤਾ ਕਿ ਏਨੀ ਛੇਤੀ ਇਕ ਹੋਰ ਬੇਸ਼ੁਮਾਰ ਕੀਮਤੀ ਕਲਾਕਾਰ ਮੁਫਲਿਸੀ ਅਤੇ ਬਿਮਾਰੀ ਦਾ ਸ਼ਿਕਾਰ ਹੋ ਜਾਵੇਗਾ।
ਆਪਣੀ ਅਦੁੱਤੀ ਸੰਗੀਤਕ ਪਹਿਚਾਣ ਦੇ ਮਾਲਕ ਮਰਹੂਮ ਫਨਕਾਰ ਜਨਾਬ ਬਰਕਤ ਸਿੱਧੂ ਜੀ ਹਮੇਸ਼ਾਂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਸਨ, ਜ਼ਿੰਦਾ ਹਨ ਅਤੇ ਜ਼ਿੰਦਾ ਹੀ ਰਹਿਣਗੇ।
'ਨੀਲ'
0-94184-70707
No comments:
Post a Comment