ਬੇ-ਸਹਾਰਾ ਅਤੇ ਰੋਗੀਆਂ ਦੀ ਮਾਂ : ਮਦਰ ਟੇਰੇਸਾ
ਅਠਾਰਾਂ ਵਰ੍ਹਿਆਂ ਦੀ ਨਿੱਕੀ ਉਮਰੇ ਅਗਨੇਸ ਗੋਂਝਾ ਬੋਜਾਝਿਊ (Agnes
Gonxha Bojaxhiu) ਨਾਮ ਦੀ ਇਕ ਕੁੜੀ ਲੋੜੀਂਦੀ ਦੀਕਸ਼ਾ ਹਾਸਿਲ ਕਰਕੇ ਸਿਸਟਰ ਬਣੀ ਅਤੇ ਸਿਸਟਰ ਟੇਰੇਸਾ (Sister Teresa) ਅਖਵਾਈ। ਮੇਸੇਡੋਨੀਆ ਗਣਰਾਜ (Republic of Macedonia)
ਦੀ ਰਾਜਧਾਨੀ ਸਕੋਪਜੇ (Skopje) 'ਚ ਪਿਤਾ ਨਿਕੋਲਾ ਬੋਜਾਝਿਊ ਅਤੇ ਮਾਤਾ ਦ੍ਰਾਨਾ ਬੋਜਾਝਿਊ ਦੇ ਘਰੀਂ ਮਿਤੀ 26 ਅਗਸਤ 1910 ਨੂੰ ਜਨਮੀ ਅਗਨੇਸਾ ਗੋਂਝਾ ਆਪਣੇ ਪੰਜ ਭਰਾ ਭੈਣਾ ਵਿੱਚੋਂ ਸੱਭ 'ਤੋਂ ਨਿੱਕੀ ਸੀ ਜਿਸਦੇ ਪਿਤਾ ਦੀ ਮੌਤ ਗੋਂਝਾ ਦੇ ਬਚਪਨ ਵੇਲੇ ਹੀ ਹੋ ਗਈ ਸੀ ਸੋ ਉਨ੍ਹਾ ਦੀ ਮਾਂ ਨੇ ਹੀ ਉਨ੍ਹਾ ਨੂੰ ਪਾਲਿਆ। ਅਲਬੇਨੀਅਨ ਭਾਸ਼ਾ ਵਿਚ ਗੋਂਝਾ ਸ਼ਬਦ ਦਾ ਅਰਥ ਹੁੰਦਾ ਹੈ ਫੁੱਲ ਦੀ ਕਲੀ। ਫੁੱਲ ਦੀ ਇਹ ਕਲੀ ਬਚਪਨ 'ਤੋਂ ਹੀ ਅਤਿਅੰਤ ਸੁੰਦਰ, ਜੀਵਨ ਭਰਪੂਰ, ਅਗਾਹਂ ਵਧੂ, ਨਿਡਰ, ਨਿਰਪੱਖ, ਹਮਦਰਦ ਅਤੇ ਵਿਗਿਆਨੀ ਸੋਚ ਦੀ ਮਾਲਕ ਸੀ ਜਿਸਨੇ ਨਿੱਕੀ ਉਮਰ ਤੋਂ ਹੀ ਗ਼ਰੀਬ ਅਤੇ ਲੋੜਵੰਦਾਂ ਦੇ ਜੀਵਨ ਵਿਚ ਹਮੇਸ਼ਾਂ ਖ਼ੁਸ਼ਬੂ ਫੈਲਾਉਣ ਦਾ ਅਦੁੱਤਾ ਕੰਮ ਕੀਤਾ। ਇਸ ਸਵਾਰਥੀ ਦੁਨੀਆਂ ਵਿਚ ਜਿੱਥੇ ਹਰ ਕੋਈ ਆਪਣੇ ਨਿਜੀ ਸਵਾਰਥਾਂ ਅਤੇ ਪਰਿਵਾਰਵਾਦ ਨੂੰ ਪ੍ਰਮੁਖਤਾ ਦਿੰਦਾ ਹੈ ਉਥੇ ਹੀ ਗੋਂਝਾ ਨੇ ਸਨ 1948 ਵਿਚ ਸਥਾਨਕ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਸਕੂਲ ਖੋਲਿਆ ਅਤੇ ਬਾਦ ਵਿਚ 'ਮਿਸ਼ਨਰੀ ਆਫ ਚੈਰਿਟੀ' ਨਾਮ ਦੀ ਸੰਸਥਾ ਦੀ ਸਥਾਪਨਾ ਕੀਤੀ।ਇਸ ਸੰਸਥਾ ਨੇ ਪਿਛਲੀ ਸਦੀ ਦੇ ਅੰਤਿਮ ਵਰ੍ਹਿਆਂ ਵਿਚ ਦੁਨੀਆਂ ਦੇ ਲਗਭਗ 125 ਦੇਸ਼ਾਂ ਵਿਚ 755 ਨਿਆਸਰੀਂ-ਘਰ ਖੋਲੇ ਜਿਨ੍ਹਾ ਵਿਚ ਲਗਭਗ ਪੰਜ ਲੱਖ ਨਿਆਸਰੇ ਲੋਕਾਂ ਦੇ ਮੂੰਹ ਵਿਚ ਰੋਟੀ ਪਾਉਣ ਦੀ ਅਦੁੱਤੀ ਮਿਸਲ ਕਾਇਮ ਕੀਤੀ।ਆਪਣੇ ਘਰ, ਪਰਿਵਾਰ ਅਤੇ 'ਤੋਂ ਬਹੁਤ ਦੂਰ ਜਾ ਕੇ ਅਨਜਾਣ ਲੋੜਵੰਦਾਂ ਦੀ ਨਿਸਵਾਰਥ ਸੇਵਾ ਦਾ ਕਾਰਜ ਕੋਈ ਸੋਖਾ ਨਹੀਂ ਸੀ ਪਰ ਅਡਿਗ ਅਤੇ ਅਗਾਂਹ ਵਧੂ ਸੋਚ ਦੀ ਮਾਲਕ ਸਿਸਟਰ-ਟੇਰੇਸਾ ਨੇ ਇਸ ਕਾਰਜ ਵਿਚ ਅਨੋਖੀ ਸ਼ਾਂਤੀ ਦਾ ਅਨੁਭਵ ਕੀਤਾ।
6 ਜਨਵਰੀ 1929 ਨੂੰ ਸਿਸਟਰ ਟੇਰੇਸਾ ਤਿੰਨ ਹੋਰ ਸਿਸਟਾਂ ਨੂੰ ਨਾਲ ਲੈ ਕੇ ਅਇਰਲੈਂਡ ਤੋਂ ਇਕ ਜਹਾਜ ਰਾਹੀਂ ਕਲਕੱਤਾ (ਹੁਣ ਕੋਲਕਾਤਾ) ਦੇ ਲੋਰੇਟੋ ਕਾਨਵੇਂਟ ਪੁੱਜੀ ਜਿੱਥੇ ਉਸਨੇ ਇਕ ਸੁਚੱਜੇ ਅਤੇ ਅਨੁਸਾਸ਼ਨਿਕ ਅਧਿਆਪਕ ਵਜੋਂ ਕੰਮ ਕੀਤਾ ਜਿਸ ਸਦਕਾ ਉੱਥੋਂ ਦੇ ਵਿਦਿਆਰਥੀਆਂ ਦੀ ਚਹੇਤੀ ਅਧਿਆਪਿਕਾ ਹੋ ਨਿਬੜੀ। ਆਪਣੇ ਅਨੁਸਾਸ਼ਨਾਤਮਕ ਅਤੇ ਭਾਵਨਾਤਮਕ ਗੁਣਾ ਕਾਰਨ ਉਹ ਸਨ 1944 ਵਿਚ ਸੈਂਟ ਮੈਰੀ ਸਕੂਲ ਦੀ ਪ੍ਰਮੁੱਖ ਅਧਿਆਪਿਕਾ ਥਾਪੀ ਗਈ। ਸਮੇ ਦੀ ਲੋੜ ਨੂੰ ਵੇਖਦਿਆਂ ਹੋਇਆਂ ਉਹ ਨਰਸਿੰਗ ਦੀ ਸਿੱਖਿਆ ਲੈਣ ਲਈ ਗਈ ਅਤੇ ਸਨ 1948 ਵਿਚ ਮੁੜ ਕਲਕੱਤਾ ਵਿਖੇ ਆ ਗਈ ਅਤੇ ਤਾਲਤਲਾ ਵਿਖੇ ਜਾ ਕੇ ਗ਼ਰੀਬ ਅਤੇ ਬਜ਼ੁਰਗ ਲੋਕਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਨਾਲ ਕੰਮ ਕੀਤਾ ਜਿੱਥੇ ਉਸਨੇ ਆਪਣੇ ਹੱਥੀਂ ਮਰੀਜ਼ਾਂ ਦੇ ਜ਼ਖ਼ਮਾਂ ਨੂੰ ਸਾਫ ਕੀਤਾ, ਉਨ੍ਹਾ ਦੇ ਪੱਟੀਆਂ ਬੰਨੀਆਂ ਅਤੇ ਉਨ੍ਹਾ ਨੂੰ ਆਪਣੇ ਹੱਥੀਂ ਦਵਾ-ਦਾਰੂ ਕੀਤੀ।
ਇਸ ਤੋਂ ਮਗਰੋਂ ਸਨ 1949 ਵਿਚ ਉਸਨੇ ਗ਼ਰੀਬ, ਬੇ-ਆਸਰਾ ਅਤੇ ਬੀਮਾਰ ਲੋਕਾਂ ਦੀ ਮਦਦ ਕਰਨ ਦੇ ਟੀਚੇ ਨਾਲ 'ਮਿਸ਼ਨਰੀ ਆਫ ਚੈਰਿਟੀ' ਨਾਮਕ ਸੰਸਥਾ ਦੀ ਸਥਾਪਨਾ ਕੀਤੀ ਜਿਸਨੂੰ 7 ਅਗਸਤ 1950 ਨੂੰ ਰੋਮਨ ਕੈਥੋਲਿਕ ਗਿਰਿਜਾ-ਘਰ ਨੇ ਮਾਨਤਾ ਪ੍ਰਦਾਨ ਕੀਤੀ। ਇਸ ਘਟਨਾਂ ਤੋਂ ਬਾਦ ਹੀ ਉਸਨੇ ਪਰੰਪਰਾਗਤ ਬਸਤਰਾਂ ਨੂੰ ਤਿਆਗ ਕੇ ਨੀਲੀ ਕਿਨਾਰੀ ਵਾਲੀ ਸਫੇਦ ਸਾੜੀ ਧਾਰਨ ਕੀਤੀ ਅਤੇ ਸਮਾ ਪਾ ਕੇ 'ਨਿਰਮਲ ਹਿਰਦੇ' ਅਤੇ 'ਨਿਰਮਲ ਸ਼ਿਸ਼ੂ ਭਵਨ' ਨਾਮਕ ਆਸ਼ਰਮ ਖੋਲੇ ਜਿਨ੍ਹਾ ਵਿਚ ਉਸਨੇ ਗੰਭੀਰ ਰੋਗਾਂ ਨਾਲ ਪੀੜਿਤ ਲੋੜਵੰਦ ਬਜ਼ੁਰਗਾਂ, ਬੱਚਿਆਂ ਅਤੇ ਗ਼ਰੀਬਾਂ ਦੀ ਸੇਵਾ ਆਪ ਕੀਤੀ। ਸਮਾਜ 'ਚੋਂ ਛੇਕੇ ਹੋਇ ਵਿਅਕਤੀਆਂ ਦੀ ਸੇਵਾ ਕਰਕੇ ਉਸਨੇ ਸੇਵਾ ਭਾਵਨਾ ਦੀ ਜੋ ਮਿਸਾਲ ਕਾਇਮ ਕੀਤੀ ਉਸਦੀ ਤੁਲਨਾ ਸੰਸਾਰ ਦੇ ਕਿਸੇ ਹੋਰ ਮਨੁੱਖ ਵਿਚ ਜਾਂ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ।
ਉਸਦੀਆਂ ਸੇਵਾਵਾਂ ਨੂੰ ਵੇਖਦਿਆਂ ਅਤੇ ਸਲਾਹੁੰਦਿਆਂ ਹੋਇਆਂ ਭਾਰਤ ਸਰਕਾਰ ਨੇ ਸਨ 1962 ਵਿਚ ਇਸ ਹੱਡ-ਮਾਸ ਦੀ ਚਲਦੀ ਫਿਰਦੀ ਸੰਸਥਾ ਰੂਪ ਇਸਤਰੀ ਨੂੰ 'ਪਦਮ-ਸ਼੍ਰੀ' ਪੁਰਸਕਾਰ ਅਤੇ ਬਾਦ ਵਿਚ ਸਨ 1980 ਵਿਚ 'ਭਾਰਤ-ਰਤਨ' ਵਰਗੇ ਸਰਵੋੱਚ ਸਨਮਾਨਾ ਦੇ ਨਾਲ ਨਵਾਜਿਆ। ਦੁਨੀਆਂ ਭਰ ਵਿਚ ਫੈਲੇ ਮਿਸ਼ਨਰੀ ਕਾਰਜਾਂ, ਜਿਨ੍ਹਾ ਰਾਹੀਂ ਗ਼ਰੀਬ ਅਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ, ਕਰਕੇ ਸਨ 1979 ਵਿਚ 'ਨੋਬੇਲ ਸ਼ਾਂਤੀ-ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ। 'ਨੋਬੇਲ-ਪੁਰਸਕਾਰ' ਦੀ ਈਨਾਮ ਰਾਸ਼ੀ 1,92,000 ਅਮਰੀਕੀ ਡਾਲਰ ਵੱਡੀ ਰਕਮ ਨੂੰ ਵੀ ਉਸਨੇ ਭਾਰਤ ਦੇ ਗ਼ਰੀਬਾਂ ਦੀ ਸਹਾਇਤਾ ਲਈ ਇਕ ਫੰਡ ਵਜੋਂ ਵਰਤੋਂ ਵਿਚ ਲਿਆਂਦਾ ਜੋ ਉਸ ਦੇ ਵਿਸ਼ਾਲ ਅਤੇ ਨਿਸਵਾਰਥ ਸੇਵਾ ਨਾਲ ਭਰੇ ਹਿਰਦੇ ਦੀ ਤਸਵੀਸ ਸਾਫ-ਸਾਫ ਪੇਸ਼ ਕਰਦਾ ਹੈ।
ਸਨ 1983 ਵਿਚ ਲਗਭਗ 73 ਵਰ੍ਹਿਆਂ ਦੀ ਉਮਰ ਵਿਚ ਰੋਮ ਵਿਖੇ 'ਪੌਪ ਜਾਨ ਪਾਲ ਦੂਸਰੇ' ਨੂੰ ਮਿਲਣ ਗਇਆਂ ਇਸ ਸੇਵਾ ਦੀ ਅਣਥੱਕ ਮੂਰਤ ਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ। ਇਸ ਤੋਂ ਮਗਰੋਂ ਸਨ 1989 ਵਿਚ ਦੂਜੀ ਵਾਰ ਦਿਲ ਦਾ ਦੌਰਾ ਪਿਆ। ਲਗਾਤਾਰ ਡਿੱਗਦੀ ਅਤੇ ਮਾੜੀ ਹੁੰਦੀ ਜਾਂਦੀ ਸਿਹਤ ਸਦਕਾ 05 ਸਤੰਬਰ 1997 ਨੂੰ ਉਸਦਾ ਦੇਹਾਂਤ ਹੋ ਗਿਆ।
ਮਾਨਵਤਾ ਦੀ ਉਹ ਸੱਚੀ ਮੂਰਤ ਜਿਸਨੇ ਆਪਣਾ ਦੇਸ਼ ਤਿਆਗ ਕੇ ਦੂਸਰੇ ਦੇਸ਼ ਵਿਚ ਜਾ ਕੇ ਅਨਜਾਣ, ਬੇ-ਸਹਾਰਾ, ਗ਼ਰੀਬ ਅਤੇ ਬੀਮਾਰ ਲੋਕਾਂ ਦੀ ਮਦਦ ਕੀਤੀ ਅਤੇ ਆਪਣੇ ਮੱਥੇ 'ਤੇ ਅਨੇਕਾਂ ਸਨਮਾਨਾ ਦੇ ਨਾਲ-ਨਾਲ ਮਜ਼ਲੂਮ ਅਤੇ ਮਜ਼ਬੂਰ ਲੋਕਾਂ ਨੂੰ ਕਥਿਤ ਤੌਰ ਤੇ ਵਰਗਲਾ ਕੇ ਇਕ ਧਰਮ-ਵਿਸੇਸ਼ ਵਿਚ ਸ਼ਾਮਲ ਕਰਨ ਦਾ ਦੋਸ਼ ਵੀ ਸਹਿਆ ਪਰ ਆਪਣੇ ਸੱਚੇ ਅਤੇ ਸੁੱਚੇ ਕਰਮ ਤੋਂ ਪਿੱਛੇ ਨਾ ਹਟਣ ਵਾਲੀ ਉਹ ਮਹਾਨ ਸ਼ਖ਼ਸੀਅਤ ਜਿਸਦਾ ਜ਼ਿਕਰ ਉਪਰੋਕਤ ਸਤਰਾਂ ਵਿਚ ਕੀਤ ਗਿਆ ਹੈ ਓਹ ਹੀ ਸੀ ਜੋ ਬੇ-ਸਹਾਰਾ ਅਤੇ ਰੋਗੀਆਂ ਦੀ ਮਾਂ ਸੀ, ਮਦਰ ਟੇਰੇਸਾ (Mother Teresa) ਸੀ।
'ਨੀਲ'
09418470707
09418470707
No comments:
Post a Comment