ਵੱਟ ਬਣਿਆ ਪਿਆ ਏ
ਸਾਵਣ ਮਹੀਨੇ ਦੇ ਬੱਦਲਾਂ ਨਾਲ ਢਕੇ, ਮੀਹਾਂ ਨਾਲ ਭਿੱਜੇ, ਸੱਧਰਾਂ ਨੂੰ ਠਾਰਦੇ ਅਤੇ ਗਰਮੀਂ ਨੂੰ ਮਾਰਦੇ ਮੋਸਮਾਂ ਦਾ ਜ਼ਿਕਰ ਅਨੇਕਾਂ ਕਵੀਆਂ ਅਤੇ ਲਿਖਾਰੀਆਂ ਨੇਂ ਬਾਖ਼ੂਬੀ ਕੀਤਾ ਹੈ। ਮਨੁੱਖਾਂ ਸਣੇ ਸਾਰੇ ਜੀਆਂ ਉੱਪਰ ਸਾਵਣ ਰੁੱਤ ਦਾ ਅਧਿਆਤਮਿਕ ਪ੍ਰਭਾਵ ਏਨਾ ਪ੍ਰਤੱਖ ਹੈ ਕਿ ਗੁਰੂਆਂ-ਪੀਰਾਂ ਨੇਂ ਵੀ ਸਾਵਣ ਮਹੀਨੇ ਦੇ ਮੌਸਮ ਨੂੰ ਦ੍ਰਿਸ਼ਟਾਂਤਾਂ ਅਤੇ ਸਿੱਖਿਆਵਾਂ ਦੇ ਰੂਪ ਵਿਚ ਬੜੇ ਹੀ ਅਦੁੱਤੇ ਢੰਗਾਂ ਨਾਲ ਆਪਣੀਆਂ ਅਨਮੋਲ ਲੇਖਣੀਆਂ ਰਾਹੀਂ ਚਿਤਰਿਆ ਹੈ।ਸੌਣ ਮਹੀਨੇ ਮੀਂਹ ਵੱਸਣ 'ਤੋਂ ਠੀਕ ਪਹਿਲਾਂ ਵੱਟ ਬਣਦਿਆਂ ਹੀ ਕਵਿਤਾ ਦੀਆਂ ਅਜਿਹੀਆਂ ਸਤਰਾਂ ਆਪ ਮੁਹਾਰੇ ਹੀ ਫੁੱਟ ਪੈਂਦੀਆਂ ਹਨ:
ਵੱਟ ਬਣਿਆ ਪਿਆ ਏ, ਬੱਦਲ ਤਣਿਆ ਪਿਆ ਏ
ਸੱਜਣ ਤੇਰੇ ਆਉਣ ਦਾ, ਸਬੱਬ ਬਣਿਆ ਪਿਆ ਏ
ਪਹਿਲਾਂ ਦੇ ਸੋਣ ਦੀ ਸੁੰਦਰ ਤਸਵੀਰ ਕੁਝ ਇਸ ਤਰ੍ਹਾਂ ਦੀ ਸੀ: ਅਤਿ ਦੀ ਗਰਮੀ, ਕਾਂਵਾਂ ਦੀਆਂ ਅੱਖਾਂ ਨਿੱਕਲਣੀਆਂ, ਧਰਤੀ ਦਾ ਸੁੱਕਣਾ, ਫਸਲਾਂ ਦੇ ਸਾਵੇ ਰੰਗਾਂ ਦਾ ਢਲਣ ਲੱਗਣਾ, ਹਵਾ ਦਾ ਬਿਲਕੁਲ ਠਹਿਰ ਜਾਣਾ, ਵੱਟ ਬਣਨਾ, ਕਿਰਸਾਨਾ ਦੇ ਮੂੰਹਾਂ ਦਾ ਉਤਾਹੰ ਨੂੰ ਰਹਿਣਾ, ਬੱਚਿਆਂ ਵੱਲੋਂ ਗੁੱਡੀਆਂ ਨੂੰ ਫੂਕਣਾ, ਧਨਾਢਾਂ ਵੱਲੋਂ ਲੰਗਰ ਲਾਉਣਾ, ਪਪੀਹਿਆਂ ਦਾ ਪੀਹੂ-ਪੀਹੂ ਕਰਕੇ ਜੋਧੜੀਆਂ ਕਰਨਾ, ਮਾਲਕ ਵੱਲੋਂ ਜੋਧੜੀਆਂ ਦਾ ਸਵਿਕਾਰਿਆ ਜਾਣਾਂ, ਬੱਦਲਾਂ ਦਾ ਗੱਜਣਾ, ਬਿਜਲੀ ਦਾ ਲਿਸ਼ਕਾਰੇ ਮਾਰਨਾ, ਹਵਾ ਦੇ ਠਹਿਰਾਵ ਦਾ ਟੁੱਟਣਾ, ਕਿਣਮਿਣ ਹੋਣਾ, ਟੀਨਾਂ ਉਪਰ ਸੰਗੀਤ ਦਾ ਵੱਜਣਾ, ਮਿੱਟੀ ਦੂ ਖੁਸ਼ਬੌ ਦਾ ਇਕਦਮ ਫੈਲ ਜਾਣਾ, ਬੱਚਿਆਂ ਦਾ ਕੱਪੜੇ ਉਤਾਰ ਕੇ ਛਾਲਾਂ ਮਾਰਨਾ, ਮੀਂਹ ਵਿਚ ਨਹਾਉਣਾ, ਭੂਰੀਆਂ ਹੁੰਦੀਆਂ ਫਸਲਾਂ ਦਾ ਮੁੜ ਸਾਵਾ ਹੋ ਜਾਣਾ, ਮਵੇਸ਼ੀਆਂ ਵੱਲੋਂ ਸੁੱਖ ਦਾ ਸਾਹ ਲੈਣਾ, ਕਿਰਸਾਨਾ ਦੇ ਚਿਹਰਿਆਂ 'ਤੇ ਰੌਣਕ ਦਾ ਪਰਤਣਾ, ਚੁਲ੍ਹਿਆਂ ਮੂਹਰੇ ਡੱਟੀਆਂ ਸੁਆਣੀਆਂ ਵੱਲੋਂ ਗੀਤ ਗੁਨਗੁਨਾਉਣਾ, ਖੀਰ-ਪੂੜਿਆਂ ਦਾ ਪੱਕਣਾ, ਮੁਟਿਆਰਾਂ ਵੱਲੋਂ ਪੀਂਘਾਂ ਝੂਟਣ ਦੀਆਂ ਤਿਆਰੀਆਂ ਕਰਨਾ ਅਤੇ ਨੋਜਵਾਨਾ ਵੱਲੋਂ ਨੱਕੇ ਮੋੜਨ ਦੀ ਤਿਆਰੀਆਂ ਕਰਨਾ। ਇਕ ਵੇਲਾ ਸੀ ਜੱਦ ਇਹ ਸੱਭ ਨਿੱਕੀਆਂ-ਵੱਡੀਆਂ ਘਟਨਾਵਾਂ ਮਿਲ ਕੇ ਸਾਵਣ ਮਹੀਨੇ ਦੀ ਸੁਹਣੀ ਤਸਵੀਰ ਨੂੰ ਪੇਸ਼ ਕਰਦੀਆਂ ਸਨ। ਪਰ ਬਦਕਿਸਮਤੀ ਨਾਲ ਹੁਣ ਇਸ ਤਸਵੀਰ ਦੇ ਰੰਗ ਕੁਝ ਹੋਰ ਹੋ ਗਏ ਹਨ। ਇਸ ਤਸਵੀਰ ਵਿੱਚੋਂ ਧਰਤੀ ਦਾ ਸਾਵਾ ਰੰਗ ਲਗਾਤਾਰ ਕੱਟਿਆ-ਵੱਢਿਆ ਜਾ ਰਿਹਾ ਹੈ। ਇਸ ਸਾਵੇ ਰੰਗ ਦੇ ਘੱਟਣ ਨਾਲ ਅਸਮਾਨੀ ਰੰਗ ਵਿਚ ਵੀ ਬਦਲਾਅ ਆਇਆ ਹੈ ਅਤੇ ਬੱਦਲਾਂ ਦਾ ਦੁੱਧ ਜਿਹਾ ਸਫੇਦ ਰੰਗ ਵੀ ਹੁਣ ਗੰਧਲਾ ਜਿਹਾ ਹੁੰਦਾ ਜਾ ਰਿਹਾ ਹੈ। ਹੁਣ ਦੀ ਤਸਵੀਰ ਇਹ ਹੈ ਕਿ ਅਤਿ ਦੀ ਗਰਮੀ ਤਾਂ ਪੈਂਦੀ ਹੀ ਹੈ, ਕਾਵਾਂ ਦੀਆਂ ਅੱਖਾਂ ਵੀ ਨਿੱਕਲਦੀਆਂ ਹਨ, ਧਰਤੀ ਸੁੱਕਦੀ ਹੈ, ਫਸਲਾਂ ਦੇ ਸਾਵੇ ਰੰਗ ਢਲਦੇ ਹਨ, ਹਵਾ ਬਿਲਕੁਲ ਠਹਿਰ ਜਾਂਦੀ ਹੈ, ਵੱਟ ਬਣਦਾ ਹੈ, ਕਿਰਸਾਨਾ ਦੇ ਮੂੰਹਾਂ ਵੀ ਉਤਾਹੰ ਨੂੰ ਰਹਿੰਦੇ ਹਨ, ਬੱਚਿਆਂ ਵੱਲੋਂ ਗੁੱਡੀਆਂ ਫੂਕੀਆਂ ਜਾਂਦੀਆਂ ਹਨ, ਧਨਾਢਾਂ ਵੱਲੋਂ ਲੰਗਰ ਲਾਏ ਜਾਂਦੇ ਹਨ, ਪਪੀਹੇ ਹੁਣ ਵੀ ਪੀਹੂ-ਪੀਹੂ ਕਰਕੇ ਜੋਧੜੀਆਂ ਕਰਦੇ ਹਨ, ਹੁਣ ਵੀ ਸੌਣ ਮਹੀਨਾ ਚੜਦਾ ਹੈ, ਪਰ ਇਨਸਾਨਾ ਦੀਆਂ ਗ਼ਲਤੀਆਂ ਸਦਕਾ ਹੀ ਉਸ ਮਾਲਕ ਵੱਲੋਂ ਚਾਹੁੰਦਿਆਂ ਹੋਇਆਂ ਵੀ ਇਹਨਾ ਜੋਧੜੀਆਂ ਨੂੰ ਸਵਿਕਾਰਿਆ ਨਹੀਂ ਜਾਂਦਾ, ਬੱਦਲ ਨਹੀਂ ਗੱਜਦੇ, ਬਿਜਲੀ ਲਿਸ਼ਕਾਰੇ ਨਹੀਂ ਮਾਰਦੀ, ਹਵਾ ਦਾ ਠਹਿਰਾਵ ਨਹੀਂ ਟੁੱਟਦਾ, ਕਿਣਮਿਣ ਨਹੀਂ ਹੁੰਦੀ, ਟੀਨਾਂ ਉਪਰ ਸੰਗੀਤ ਨਹੀਂ ਵੱਜਦਾ, ਮਿੱਟੀ ਦੂ ਖੁਸ਼ਬੌ ਨਹੀਂ ਫੈਲਦੀ, ਗਰਮੀਂ ਦੇ ਸਤਾਏ ਹੋਏ ਬੱਚੇ ਕੱਪੜੇ ਤਾਂ ਉਤਾਰਦੇ ਹਨ ਪਰ ਮੀਂਹ ਦੀ ਅਨੁਪਸਥਿਤੀ ਵਿਚ ਖ਼ੁਸ਼ੀਆਂ ਭਰੀਆਂ ਛਾਲਾਂ ਨਹੀਂ ਮਾਰ ਸਕਦੇ, ਮੀਂਹ ਵਿਚ ਨਹੀਂ ਨਹਾ ਸਕਦੇ, ਭੂਰੀਆਂ ਹੁੰਦੀਆਂ ਫਸਲਾਂ ਮੁੜ ਸਾਵੀਆਂ ਨਹੀਂ ਹੁੰਦੀਆਂ, ਮਵੇਸ਼ੀਆਂ ਨੂੰ ਸੁੱਖ ਦਾ ਸਾਹ ਲੈਣਾ ਨਹੀਂ ਮਿਲਦਾ, ਕਿਰਸਾਨਾ ਦੇ ਚਿਹਰਿਆਂ 'ਤੇ ਰੌਣਕ ਨਹੀਂ ਪਰਤਦੀ, ਚੁਲ੍ਹਿਆਂ ਮੂਹਰੇ ਮੁੜ੍ਹਕੋ-ਮੁੜ੍ਹਕੀ ਹੁੰਦੀਆਂ ਸੁਆਣੀਆਂ ਨੂੰ ਗੀਤ ਨਹੀਂ ਸੁੱਝਦੇ, ਖੀਰ-ਪੂੜੇ ਨਹੀਂ ਪੱਕਦੇ, ਮੁਟਿਆਰਾਂ ਵੱਲੋਂ ਪੀਂਘਾਂ ਝੂਟਣ ਦੀਆਂ ਤਿਆਰੀਆਂ ਨਹੀਂ ਉਲੀਕੀਆਂ ਜਾਂਦੀਆਂ ਅਤੇ ਜਦੋਂ ਨੱਕਿਆਂ ਵਿਚ ਪਾਣੀ ਹੀ ਨਹੀਂ ਤਾਂ ਨੋਜਵਾਨਾ ਵੱਲੋਂ ਨੱਕੇ ਮੋੜਨ ਦੀਆਂ ਤਿਆਰੀਆਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਰ ਕਿਉਂ ਜਾਈਏ, ਪੰਜਾਬ ਸੂਬੇ ਦੇ ਮਾਲਵਾ ਖੇਤਰ ਦੀ ਹੀ ਗੱਲ ਕਰੀਏ ਤਾਂ ਇਸ ਸਾਵਣ ਮਹੀਨੇ ਕਣੀਂਆਂ ਦੀ ਛਿੱਟ-ਪੁੱਟ ਨਾਲ ਮੀਂਹ ਨੇਂ ਸਿਰਫ ਸੁੰਹ ਹੀ ਭੰਨੀ ਹੈ ਪਰ ਅੜ ਨਹੀਂ ਭੰਨੀ। ਆਪਾਂ ਜੇਕਰ ਅੱਜ ਵੀ ਸੁਧਰਨਾ ਸ਼ੁਰੂ ਕਰੀਏ 'ਤਾਂ ਇਸ ਸੁਧਾਰ ਦਾ ਪ੍ਰਭਾਵ ਕਈ ਵਰ੍ਹਿਆਂ ਬਾਦ ਨਜ਼ਰ ਆਉਣਾ ਸ਼ੁਰੂ ਹੋਵੇਗਾ। ਪਰ ਉਹ ਮਾਲਕ ਬੜਾ ਦਿਆਲੂ ਹੈ। ਹੋ ਸਕਦਾ ਹੈ ਕਿ ਜਦੋਂ ਤੁਸੀਂ ਇਹ ਕਾਲਮ ਪੜ੍ਹ ਰਹੇ ਹੋਵੋਂ, ਉਦੋਂ ਤੀਕ ਮਾਲਕ ਦੀ ਮਿਹਰ ਵੱਸ ਹੀ ਪਵੇ।
'ਨੀਲ'
No comments:
Post a Comment