Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Wednesday 13 March 2024

ਸਿਗਰਟਨੋਸ਼ੀ: ਖ਼ਤਰੇ, ਜ਼ਿੰਮੇਵਾਰੀਆਂ, ਅਤੇ ਨਸ਼ਾ ਮੁਕਤੀ

ਸਿਗਰਟਨੋਸ਼ੀ: ਖ਼ਤਰੇ, ਜ਼ਿੰਮੇਵਾਰੀਆਂ, ਅਤੇ ਨਸ਼ਾ ਮੁਕਤੀ

(ਸਿਗਰਟਨੋਸ਼ੀ ਨਾ ਕਰਨ ਵੱਲ ਇਕ ਕਦਮ)

{ਨੋ ਸਮੋਕਿੰਗ ਦਿਹਾੜਾ 2024 ‘ਤੇ ਵਿਸੇਸ਼ (ਬੁੱਧਵਾਰ, 13 ਮਾਰਚ, 2024)}

(ਸੁਨੀਲ ਕੁਮਾਰ ਗੁੰਦ)

        ਸਿਗਰਟਨੋਸ਼ੀ ਜਾਨਲੇਵਾ ਹੈ, ਸਿਗਰਟਨੋਸ਼ੀ ਸਿਹਤ ਲਈ ਹਾਨੀਕਾਰਕ ਹੈ, ਸਿਗਰਟਨੋਸ਼ੀ ਨਾ ਕਰੋ ਅਤੇ ਲੰਮੇ ਸਮੇਂ ਤਕ ਜੀਓ ਆਦਿ ਕੁਝ ਪ੍ਰਮੁੱਖ ਨਾਅਰੇ ਹਨ ਜੋ ਜਨਤਕ ਖੇਤਰਾਂ ਵਿਚ ਅਤੇ ਸਿਗਰਟ ਵਰਗੇ ਉਤਪਾਦਾਂ ਦੇ ਪੈਕੇਟਾਂ ‘ਤੇ ਲਿਖੇ ਹੋਏ ਵੇਖੇ ਜਾ ਸਕਦੇ ਹਨ। ਅਸਲ ਵਿਚ ਤੰਬਾਕੂ ਅਧਾਰਤ ਉਤਪਾਦ ਹੀ ਅਜਿਹੇ ਉਤਪਾਦ ਹਨ ਜਿਨ੍ਹਾ ਸਬੰਧੀ ਲਿਖ਼ਤੀ ਰੂਪ ਵਿਚ ਅਗਾਹ ਕੀਤਾ ਜਾਂਦਾ ਹੈ ਕਿ ਇਨ੍ਹਾ ਦੀ ਵਰਤੋਂ ਨੁਕਸਾਨਦਾਇਕ ਅਤੇ ਜਾਨਲੇਵਾ ਹੈ। ਇਸ ਦੇ ਬਾਵਜੂਦ ਵੀ, ਵਿਸ਼ਵ ਭਰ ਵਿਚ ਇਹ ਉਤਪਾਦ ਖ਼ਰੀਦੇ ਅਤੇ ਖ਼ਪਤ ਕੀਤੇ ਜਾਂਦੇ ਹਨ। ਦਰਅਸਲ, ਸਿਗਰਟਨੋਸ਼ੀ ਇਕ ਫੈਸ਼ਨ ਪ੍ਰਤੀਕ ਬਣ ਗਿਆ ਹੈ। ਨੌਜਵਾਨ ਮੁੰਡੇ ਕੁੜੀਆਂ ਫਿਲਮ ਜਗਤ ਦੇ ਉਨ੍ਹਾ ਅਖੌਤੀ ‘ਰੋਲ ਮਾਡਲਾਂ’ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ ਜੋ ਆਮਤੌਰ ਤੇ ਸਿਗਰੇਟਨੋਸ਼ੀ ਨੂੰ ਪ੍ਰਭਾਵਕ ਅਤੇ ਸਟਾਈਲਿਸ਼ ਤਰੀਕੇ ਨਾਲ ਪੇਸ਼ ਕਰਦੇ ਹਨ। ਇਕ ਵਾਰ ਜਦੋਂ ਕੋਈ ਵਿਅਕਤੀ ਤੰਬਾਕੂ ਦਾ ਸੇਵਨ ਕਰ ਬਹਿੰਦਾ ਹੈ ਤਾਂ ਅਮੂਮਨ ਉਹ ਇਸਦਾ ਆਦੀ ਹੋ ਜਾਂਦਾ ਹੈ। ਸਧਾਰਣ ਭਾਸ਼ਾ ਵਿਚ ਆਖੀਏ ਤਾਂ ਉਸਨੂੰ ਤੰਬਾਕੂ ਦੀ ਲਤ ਲਗ ਜਾਂਦੀ ਹੈ। ਸਿਗਰਟਾਂ ਨੂੰ ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿਚ ਅਮਤੌਰ ਤੇ ਸ਼ਾਹੀ ਜੀਵਨ ਸ਼ੈਲੀ ਦੇ ਪ੍ਰਤੀਕ ਵਜੋਂ ਵਿਖਾਇਆ ਜਾਂਦਾ ਹੈ। ਇਸੇ ਕਰਕੇ, ਜ਼ਿਆਦਾਤਰ ਨੌਜਵਾਨ ਅਤੇ ਇੱਥੋਂ ਤੱਕ ਕਿ ਨਾਬਾਲਿਕ ਵੀ, ਸਿਗਰਟ ਨੂੰ ਇਕ ਮਜ਼ੇਦਾਰ ਵਸਤੂ ਵਜੋਂ ਪੀਣਾ ਸ਼ੁਰੂ ਕਰ ਬਹਿੰਦੇ ਹਨ ਪਰ ਸਮੇਂ ਦੇ ਨਾਲ, ਸਿਗਰਟਨੋਸ਼ੀ ਇਕ ਲਤ ਬਣ ਜਾਂਦੀ ਹੈ।

ਨੋ ਸਮੋਕਿੰਗ ਦਿਹਾੜੇ ਦੀ ਸ਼ੁਰੂਆਤ: 
ਸਿਗਰਟਨੋਸ਼ੀ ਦੀ ਬਦੌਲਤ ਹੋਲੀ ਹੋਲੀ ਹੋਣ ਵਾਲੀ ਮੌਤ ਬਾਰੇ ਜਾਗਰੂਕਤਾ ਸਮੇਂ ਦੀ ਲੋੜ ਸੀ। ਇਸੇ ਮੰਤਵ ਲਈ ਪਹਿਲਾ ਨੋ ਸਮੋਕਿੰਗ ਦਿਹਾੜਾ 1984  ਵਿਚ ‘ਵਿਭੂਤੀ  ਬੁੱਧਵਾਰ’ (ਐਸ਼ ਵੈਡਨਸਡੇ) (Ash Wednesday) ਵਾਲੇ ਦਿਨ ਮਨਾਇਆ ਗਿਆ ਸੀ ਅਤੇ ਹੁਣ ਇਸਨੂੰ ਮਾਰਚ ਦੇ ਦੂਜੇ ਬੁੱਧਵਾਰ ਵਾਲੇ ਦਿਨ, ‘ਨੋ-ਸਮੋਕਿੰਗ’ ਦਿਹਾੜੇ ਵਜੋਂ ਮਨੋਨੀਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਪੱਛਮੀ ਇਸਾਈ ਮੂਲ ਵਾਲੇ ਦੇਸ਼ਾਂ ਵਿਚ ‘ਐਸ਼ ਵੈਡਨਸਡੇ’ ਨੂੰ ਪ੍ਰਾਰਥਨਾ ਕਰਨ ਅਤੇ ਵਰਤ ਰੱਖਣ ਦਾ ਪਵਿੱਤਰ ਦਿਨ ਮੰਨਿਆਂ ਜਾਂਦਾ ਹੈ। ਇਹ ਦਿਨ ਈਸਟਰ ਤੋਂ ਛੇ ਹਫਤੇ ਪਹਿਲਾਂ ਆਉਣ ਵਾਲੇ ਬੁੱਧਵਾਰ ਨੂੰ ਮੱਥੇ ‘ਤੇ ਵਿਭੂਤ ਜਾਂ ਸੁਆਹ (ਐਸ਼) ਨਾਲ ‘ਕਰਾਸ’ ਦਾ ਨਿਸ਼ਾਨ ਬਣਾ ਕੇ ਮਨਾਇਆ ਜਾਂਦਾ ਹੈ। ਵਰ੍ਹੇ 2024 ਵਿਚ ਨੋ ਸਮੋਕਿੰਗ ਦਿਹਾੜਾ ਮਾਰਚ ਮਹੀਨੇ ਦੇ ਦੂਜੇ ਬੁੱਧਵਾਰ ਵਾਲੇ ਦਿਨ, 13 ਤਾਰੀਖ਼ ਨੂੰ ਮਨਾਇਆ ਜਾਣਾ ਹੈ।
ਸਾਲ 2024 ਲਈ ਮੰਤਵ:
        ਨੋ ਸਮੋਕਿੰਗ ਦਿਹਾੜਾ-2024 ਦਾ ਮੰਤਵ ਹੈ ‘ ਬੱਚਿਆਂ ਨੂੰ ਤੰਬਾਕੂ ਉਦਯੋਗ ਦੇ ਦਖ਼ਲ ਤੋਂ ਬਚਾਉਣਾ।
ਸਿਗਰਟਨੋਸ਼ੀ ਜਾਨਲੇਵਾ ਹੇੈ:
        ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਸਿਗਰਟ ਇਕਲੋਤਾ ਅਜਿਹਾ ਖ਼ਪਤਯੋਗ ਉਤਪਾਦ ਹੈ ਜੋ ਲਿਖ਼ਤੀ ਚੇਤਾਵਨੀ ਦੇ ਨਾਲ ਆਉਂਦਾ ਹੈ ਕਿ ਇਹ ਉਪਭੋਗਤਾ ਲਈ ਜਾਨਲੇਵਾ ਹੈ। ਸਿਗਰਟ ਹੋਲੀ ਹੋਲੀ ਆਤਮਹੱਤਿਆ ਕਰਨ ਦਾ ਇਕ ਘਿਨਾਉਣਾ ਤਰੀਕਾ ਹੈ। ਹਰ ਉਹ ਵਿਅਕਤੀ ਜੋ ਸਿਗਰਟਨੋਸ਼ੀ ਤੋਂ ਤੌਬਾ ਕਰ ਲੈਂਦਾ ਹੈ, ਚੰਗਾ ਰਹਿੰਦਾ ਹੈ; ਇਸ ਨੂੰ ਜਦੋਂ ਵੀ ਛੱਡ ਸਕੋਂ ਤਾਂ ਸਮਝੋ ਕਿ ਹਾਲੇ ਵੀ ਦੇਰ ਨਹੀਂ ਹੋਈ। ਹਰ ਵਾਰ  ਜਦੋਂ ਤੁਸੀਂ ਸਿਗਰਟਨੋਸ਼ੀ ਛੱਡਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਅਸਲ ਵਿਚ ਸਿਗਰਟ ਮੁਕਤ ਰਹਿਣ ਦੇ ਨੇੜੇ ਹੋ ਰਹੇ ਹੰਦੇ ਹੋ।
ਸਿਗਰਟਨੋਸ਼ੀ ਵਿਚ ਖ਼ਤਰਨਾਕ ਰਸਾਇਣਾ ਦੀ ਮੌਜੂਦਗ਼ੀ:
        ਸਿਗਰਟਨੋਸ਼ੀ ਵਿਚ ਕਈ ਖ਼ਤਰਨਾਕ ਰਸਾਇਣ ਮੌਜ਼ੂਦ ਹੁੰਦੇ ਹਨ ਜਿਨ੍ਹਾ ਦੇ ਸੰਖੇਪ ਵੇਰਵੇ ਹੇਠ ਅਨੁਸਾਰ ਹਨ: 
ਕਾਰਬਨ ਮੋਨੋਆਕਸਾਈਡ:
        ਇਹ ਇਕ ਬਹੁਤ ਹੀ ਜ਼ਹਿਰੀਲੀ ਗੈਸ ਹੈ ਜਿਸ ਵਿਚ ਉਦੋਂ ਤੁਸੀਂ ਸਾਹ ਲੈਂਦੇ ਹੋ ਜਦੋਂ ਤੁਸੀਂ ਸਿਗਰਟ ਪੀ ਰਹੇ ਹੁੰਦੇ ਹੋ। ਇਸਦਾ ਸਰਲ ਮਤਲਬ ਹੈ ਕਿ ਤੁਹਾਡੇ ਖ਼ੂਨ ਦੇ ਸੈਲ ਤੁਹਾਡੇ ਸ਼ਰੀਰ ਦੇ ਵੱਖੋ ਵੱਖਰੇ ਹਿੱਸਿਆਂ ਤੀਕ ਉਸ ਢੰਗ ਨਾਲ ਆਕਸੀਜਨ ਦਾ ਸੰਚਾਰ ਨਹੀਂ ਕਰ ਸਕਦੇ ਜਿਸ ਤਰ੍ਹਾਂ ਕਿ ਉਹ ਨੂੰ ਸਧਾਰਣ ਹਾਲਾਤਾਂ ਵਿਚ ਕਰਨਾ ਚਾਹੀਂਦਾ ਹੈ। ਸਿੱਟੇ ਵਜੋਂ ਤੁਹਾਡੇ ਖ਼ੂਨ ਵਿਚ ਕਾਰਬਨ ਮੋਨੋਆਕਸਾਈਡ ਦੀ ਬਹੁਤਾਤ ਹੋਣ ਨਾਲ ਦਿਲ ਅਤੇ ਸੰਚਾਰ ਸਬੰਧੀ ਹੋਰ ਬਿਮਾਰੀਆਂ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ।
ਟਾਰ: 
        ਇਹ ਸਿਗਰਟ ਦੇ ਧੂੰਏਂ ਵਿਚ ਮੌਜ਼ੂਦ ਹੁੰਦਾ ਹੈ ਅਤੇ ਇਸਨੂੰ ਕੈਂਸਰ ਦਾ ਮੁੱਖ ਕਾਰਣ ਕਿਹਾ ਜਾ ਸਕਦਾ ਹੈ। ਜਦੋਂ ਤੁਸੀਂ ਸਿਗਰਟ ਦੇ ਧੂੰੲੈ ਦਾ ਕਸ਼ ਲੈਂਦੇ ਹੋ ਤਾਂ 70% ਟਾਰ ਤੁਹਾਡੇ ਫੇਫੜਿਆਂ ਵਿਚ ਹੀ ਰਹਿ ਜਾਂਦਾ ਹੈ ਅਤੇ ਉਨ੍ਹਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ‘ਲਾਈਟ’, ‘ਮਾਈਲਡ’ ਜਾਂ ‘ਲੋਅ’ ਟਾਰ ਲੇਬਲ ਵਾਲੀਆਂ ਸਿਗਰਟਾਂ ਸਿਰਫ ਗੁਮਰਾਹਕੁੰਨ, ਯਾਨਿਕੇ ਛਲਾਵਾ ਹਨ ਅਤੇ ਸਾਰੀਆਂ ਹੀ ਸਿਗਰਟਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।
ਨਿਕੋਟੀਨ: 
        ਇਹ ਸਿਗਰਟ ਵਿਚ ਪਾਇਆ ਜਾਣ ਵਾਲਾ ਇਕ ਨਸ਼ੀਲਾ ਰਸਾਇਣ ਹੈ। ਇਹ ਤੁਹਾਡੇ ਦਿਲ ਦੀ ਧੜਕਣ ਦੀ ਦਰ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਵਧਾਉਂਦਾ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਇਸ ਸੱਚਾਈ ਦੀ ਜਾਣਕਾਰੀ ਹੋਣੀ ਚਾਹੀਂਦੀ ਹੈ ਕਿ ਇਲਾਜ ਨਾ ਕੀਤਾ ਜਾਣ ਵਾਲਾ ਉੱਚ ਰਕਤ ਚਾਪ, ਯਾਨਿਕੇ ਹਾਈ ਬਲੱਡ ਪ੍ਰੈਸ਼ਰ ਤੁਹਾਡੀਆਂ ਧਮਨੀਆਂ ਅਤੇ ਦਿਲ ਨੂੰ ਸਥਾਈ ਤੌਰ ਤੇ ਨੁਕਸਾਨ ਪਹੁੰਚਾਉਂਦਾ ਹੈ।
ਦੂਜੇ ਪਾਸੇ, ਜਦੋਂ ਤੁਸੀਂ ਸਿਗਰਟਨੋਸ਼ੀ ਬੰਦ ਕਰਦੇ ਹੋ, ਤਾਂ ਤੁਸੀਂ ਆਪਣੇ ਫੇਫੜਿਆਂ ਨੂੰ ਆਪ ਮੁਹਾਰੇ ਠੀਕ ਹੋਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕਰਦੇ ਹੋ ਅਤੇ ਜਿਸਦੇ ਨਤੀਜੇ ਵਜੋਂ ਤੁਸੀਂ ਆਸਾਨੀ ਨਾਲ ਸਾਹ ਲੈਣ ਲਈ ਸਮਰੱਥ ਵੀ ਹੋ ਜਾਂਦੇ ਹੋ। ਦਰਅਸਲ, ਸਿਹਤ ਸਬੰਧੀ ਅਜਿਹੇ ਕਾਰਗਰ ਫਾਇਦੇ ਲਗਭਗ ਤੁਰੰਤ ਹੀ ਸ਼ੁਰੂ ਹੋ ਜਾਂਦੇ ਹਨ।
ਸਿਗਰਟਨੋਸ਼ੀ ਦੇ ਖ਼ਤਰੇ:
        ਸਿਗਰਟਨੋਸ਼ੀ ਇਕ ਭੈੜੀ ਆਦਤ ਹੈ ਜੋ ਨਾ ਸਿਰਫ ਸਿਗਰਟ ਪੀਣ ਵਾਲੇ ਲੋਕਾਂ ਲਈ ਸਗੋਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ, ਜਿਵੇਂ ਕਿ ਪਰਿਵਾਰਕ ਜੀਆਂ, ਸਹਿਕਰਮੀਆਂ, ਅਤੇ ਦੋਸਤਾਂ ਆਦਿ ਲਈ ਵੀ ਖ਼ਤਰਨਾਕ ਸਾਬਤ ਹੁੰਦੀ ਹੈ। ਦਿਲ ਦੀਆਂ ਬੀਮਾਰੀਆਂ ਅਤੇ ਕਈ ਤਰ੍ਹਾਂ ਦੇ ਕੈਂਸਰ ਦੇ ਖ਼ਤਰਿਆਂ ਨੂੰ ਵਧਾਉਣ ਦੇ ਨਾਲ ਨਾਲ ਸਿਗਰਟਨੋਸ਼ੀ ਇਕ ਮਾੜੀ ਲਤ ਵੀ ਹੈ। ਸਿਗਰਟ ਖ਼ਰੀਦਣ ਲੱਗਿਆਂ ਅਤੇ ਇਸ ਦੇ ਇਸਤੇਮਾਲ ਤੋਂ ਬਾਅਦ ਉਪਜੀਆਂ ਬੀਮਾਰੀਆਂ ਦੇ ਇਲਾਜ਼ ਦੇ ਖ਼ਰਚੇ ਦੇ ਰੂਪ ਵਿਚ, ਸਿਗਰਟਨੋਸ਼ੀ ਵਿਅਕਤੀ ਦੀ ਜੇਬ ‘ਤੇ ਵੀ ਹਮੇਸ਼ਾਂ ਨਾਕਾਰਾਤਮਕ ਅਤੇ ਮਾੜਾ ਵਿੱਤੀ ਪ੍ਰਭਾਵ ਹੀ ਪਾਉਂਦੀ ਹੈ।
ਕੈਂਸਰ ਦਾ ਖ਼ਤਰਾ:
        ਤੰਬਾਕੂਨੋਸ਼ੀ, ਫੇਫੜਿਆਂ, ਗਲੇ, ਮੂੰਹ, ਪੈਨਕ੍ਰੀਆਸ, ਅਤੇ ਬਲੈਡਰ ਆਦਿ ਸਣੇ ਵੱਖ ਵੱਖ ਕਿਸਮਾਂ ਦੇ ਕੈਂਸਰ ਦਾ ਮੁੱਖ ਕਾਰਣ ਵੀ ਹੈ। ਤੰਬਾਕੂ ਅਧਾਰਤ ਸਿਗਰਟ ਦੇ ਧੁਏਂ ਵਿਚ ਕਾਰਸੀਨੋੋਜਨਿਕ ਰਸਾਇਣ ਮੌਜੂਦ ਹੁੰਦੇ ਹਨ ਜੋ ਵਿਅਕਤੀ ਦੇ ਡੀ.ਅੇਨ.ਏ. ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਸੈਲਾਂ ਦੇ ਅਣਚਾਹੇ ਵਿਕਾਸ ਹੁੰਦੇ ਹਨ ਅਤੇ ਨਤੀਜੇ ਵਜੋਂ ਟਿਊਮਰ ਦੀ ਉਪਜ ਅਤੇ ਇਸਦਾ ਵਿਕਾਸ ਹੁੰਦਾ ਹੈ।
ਸਾਹ ਸਬੰਧੀ ਸਮੱਸਿਆਵਾਂ:
        ਸਿਗਰਟਨੋਸ਼ੀ ਸਾਹ ਪ੍ਰਣਾਲੀ ਤੇ ਵੱਡਾ ਪ੍ਰਭਾਵ ਪਾਉਂਦੀ ਹੈ। ਇਹ ਸਰੀਰ ਦੀਆਂ ਕੁਦਰਤੀ ਪ੍ਰਕਿਿਰਆਵਾਂ ਵਿਚ ਰੁਕਾਵਟ ਪਾਉਣ ਵਾਲੀ ਬੀਮਾਰੀ ਦਾ ਕਾਰਣ ਬਣਦੀ ਹੈ ਜਿਸ ਦੇ ਨਤੀਜੇ ਵਜੋਂ ਸਾਹ ਲੈਣ ਵਿਚ ਤਕਲੀਫ, ਲਗਾਤਾਰ ਖੰਘ, ਅਤੇ ਸਮੇਂ ਦੇ ਬੀਤਣ ਨਾਲ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਵਿਚ ਵੀ ਕਮੀਂ ਆਉਂਦੀ ਹੈ।
‘ਸਿਗਰਟਨੋਸ਼ੀ ਨੂੰ ਨਾਹ’ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਅੇਚ. ਓ.) (W.H.O.) ਦੀ ਭੁਮਿਕਾ ਅਤੇ ਕਾਰਵਾਈ: 
        ਵਿਸ਼ਵ ਸਿਹਤ ਸੰਗਠਨ (ਡਬਲਯੂ. ਅੇਚ. ਓ.) ਪੂਰੀ ਦੁਨੀਆਂ ‘ਚੋਂ ਤੰਬਾਕੂ ਦੇ ਇਸਤੇਮਾਲ, ਅਤੇ ਇਸ ਤੋਂ ਉਪਜੀਆਂ ਬੀਮਾਰੀਆਂ ਸਬੰਧੀ, ਨਿਯਮਿਤ ਤੌਰ ਤੇ ਆਕੜੇ ਇਕੱਠੇ ਕਰਦਾ ਹੈ। ਇਹ ਵਿਸ਼ਵ ਵਿਆਪੀ ਸੰਸਥਾ, ਪੂਰੀ ਦੁਨੀਆਂ ਵਿਚ ਮੌਜੂਦ ਇਸਦੇ ਜਾਗਰੂਕ ਅਤੇ ਸਿੱਖਿਅਤ ਸਵੈਕਰਮੀਆਂ ਰਾਹੀਂ ਸਿਗਰਟਨੋਸ਼ੀ ਨੂੰ ਨਾਹ ਸਬੰਧੀ ਜਾਗਰੂਕਤਾ ਫੇਲਾ ਰਹੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂ. ਅੇਚ. ਓ.) ਵੱਲੋਂ ਤੰਬਾਕੂ ਬਾਰੇ ਦਰਸਾਏ ਮੁੱਖ ਤੱਥ:
ਤੰਬਾਕੂ ਆਪਣੇ ਅੱਧੇ ਅਜਿਹੇ ਖ਼ਪਤਕਾਰਾਂ ਨੂੰ ਮਾਰ ਦਿੰਦਾ ਹੈ ਜੋ ਇਸ ਦੀ ਲਤ ਨੂੰ ਛੱਡ ਨਹੀਂ ਸਕਦੇ।
ਤੰਬਾਕੂ ਹਰ ਸਾਲ 80 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲੈਂਦਾ ਹੈ ਜਿਨ੍ਹਾ ਵਿਚ ਲਗਭਗ 13 ਲੱਖ ਤੰਬਾਕੂਨੋਸ਼ੀ ਨਾ ਕਰਨ ਵਾਲੇ ਅਜਿਹੇ ਵਿਅਕਤੀ ਵੀ ਸ਼ਾਮਲ ਹੁੰਦੇ ਹਨ ਜੋ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਨੇੜਲੇ ਸੰਪਰਕ ਵਿਚ ਰਹਿ ਕੇ ਅਸਿੱਧੇ ਤੌਰ ਤੇ ਤੰਬਾਕੂ ਦੇ ਧੂੰਏਂ ਦਾ ਸ਼ਿਕਾਰ ਹੋ ਜਾਂਦੇ ਹਨ।
ਦੁਨੀਆਂ ਦੇ 130 ਕਰੋੜ ਤੰਬਾਕੂ ਖ਼ਪਤਕਾਰਾਂ ਵਿਚੋਂ 80% ਘੱਟ ਆਮਦਨ ਵਾਲੇ ਦੇਸ਼ਾਂ ਦੇ ਵਸਨੀਕ ਹੁੰਦੇ ਹਨ।
ਸਾਲ 2020 ਵਿਚ, ਦੁਨੀਆਂ ਦੀ 22.3% ਆਬਾਦੀ ਨੇ ਤੰਬਾਕੂਨੋਸ਼ੀ ਕੀਤੀ ਜਿਨ੍ਹਾ ਵਿਚ 36.7% ਮਰਦ ਅਤੇ 7.8% ਅੋਰਤਾਂ ਸ਼ਾਮਲ ਸਨ।
ਤੰਬਾਕੂ ਦੀ ਮਹਾਮਾਰੀ ਨੂੰ ਹਲ ਕਰਨ ਦੇ ਮੰਤਵ ਨਾਲ ਵਿਸ਼ਵ ਸਿਹਤ ਸੰਗਠਨ (ਡਬਲਯੂ. ਅੇਚ. ਓ.) ਦੀ ਸਦੱਸਤਾ ਵਾਲੇ ਦੇਸ਼ਾਂ ਨੇਂ ਸਾਲ 2003 ਦੌਰਾਨ ‘ਡਬਲਯੂ. ਅੇਚ. ਓ. ਫਰੇਮਵਰਕ ਕਨਵੈਂਸ਼ਨ ਆਨ ਤੰਬਾਕੂ ਕੰਟਰੋਲ’ ਨੂੰ ਅਪਣਾਇਆ। ਇਸ ਵੇਲੇ 182 ਦੇਸ਼ ਇਸ ਸਮਝੋਤੇ ਦੇ ਭਾਈਵਾਲ ਹਨ।
ਇਲੈਕਟ੍ਰਾਨਿਕ ਸਿਗਰਟ ਉੱਤੇ ਡਬਲਯੂ. ਅੇਚ. ਓ. ਦੀ ਤਿੱਖੀ ਨਿਗਾਹ:
        ਡਬਲਯੂ. ਅੇਚ. ਓ. ਵੱਲੋਂ ਜਾਰੀ ਇਕ ਰਿਪੋਰਟ ਦੇ ਅਨੁਸਾਰ ਇਲੈਕਟ੍ਰਾਨਿਕ ਸਿਗਰਟ (ਜਾਂ ਈ-ਸਿਗਰਟ) ਇਲੈਕਟ੍ਰਾਨਿਕ ਨਿਕੋਟੀਨ ਡਿਿਲਵਰੀ ਸਿਸਟਮ ਅਤੇ ਇਲੈਕਟ੍ਰਾਨਿਕ ਗੈਰ ਨਿਕੋਟੀਨ ਡਿਿਲਵਰੀ ਸਿਸਟਮ ਦਾ ਸਭ ਤੋਂ ਆਮ ਰੂਪ ਹਨ। ਇਸ ਤੋਂ ਇਲਾਵਾ ‘ਈ-ਸਿਗਾਰ’ ਅਤੇ ‘ਈ-ਪਾਈਪ’ ਵੀ ਇਸਦੇ ਵੱਖਰੇ ਰੂਪ ਹਨ ਜਿਨਾਂ ਵਿੱਚੋਂ ਵੱਖ ਵੱਖ ਮਾਤਰਾ ਵਿਚ ਨਿਕੋਟੀਨ ਸਣੇ ਹੋਰ ਵੀ ਕਈ ਹਾਨੀਕਾਰਕ ਪਦਾਰਥ ਨਿਕਲਦੇ ਹਨ। ਇਹ ਜ਼ਹਿਰੀਲੇ ਪਦਾਰਥ ਸਿਗਰਟਨੋਸ਼ੀ ਕਰਨ ਵਾਲੇ ਉਪਭੋਗਤਾਵਾਂ ਤੋਂ ਇਲਾਵਾ ਉਪਭੋਗ ਨਾ ਕਰਨ ਵਾਲੇ, ਪਰ ਉਪਭੋਗੀਆਂ ਦੇ ਨੇੜਲੇ ਸੰਪਰਕ ਵਿਚ ਰਹਿਣ ਵਾਲੇ ਵਿਅਕਤੀਆਂ ਲਈ ਵੀ ਨੁਕਸਾਨਦੇਹ ਹੁੰਦੇ ਹਨ। ਇਸ ਤੋਂ ਇਲਾਵਾ, ਨਿਕੋਟੀਨ ਮੁਕਤ ਹੋਣ ਦਾ ਦਾਅਵਾ ਕਰਨ ਵਾਲੇ ਕਈ ਉਤਪਾਦਾਂ ਵਿਚ ਵੀ ਨਿਕੋਟੀਨ ਮੌਜੂਦ ਪਾਇਆ ਜਾਂਦਾ ਹੈ।
ਇਕੱਠੇ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਉਤਪਾਦ ਸਿਹਤ ਲਈ ਵਧੇਰੇ ਹਾਨੀਕਾਰਕ ਹਨ ਅਤੇ ਸੁਰੱਖਿਅਤ ਬਿਲਕੁਲ ਵੀ ਨਹੀਂ ਹਨ। ਹਾਲਾਂਕਿ, ਇਨ੍ਹਾ ਦੀ ਵਰਤੋਂ ਕਰਨ ਜਾਂ ਲੰਮੇਂ ਸਮੇਂ ਬਾਅਦ ਸਾਹਮਣੇ ਆਉਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਹਾਲੇ ਕੋਈ ਸੱਪਸ਼ਟ ਫੇਸਲਾ ਦੇਣਾ ਜਲਦਬਾਜ਼ੀ ਹੋਵੇਗਾ। ਕੁਝ ਤਾਜ਼ਾ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾ ਦੀ ਵਰਤੋਂ ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਗਰਭਵਤੀ ਅੋਰਤਾਂ ਦੇ ਸਰੀਰ ਵਿਚ ਨਿਕੋਟੀਨ ਦੇ ਪਹੁੰਚਣ ਨਾਲ, ਨਤੀਜੇ ਵਜੋਂ, ਗਰਭ ਵਿਚ ਪਲ ਰਹੇ ਬੱਚੇ ਦੀ ਸਿਹਤ ਤੇ ਨਾਕਾਰਾਤਮਕ ਪ੍ਰਭਾਵ ਪੈ ਸਕਦੇ ਹਨ। ਨਿਕੋਟੀਨ ਜੋ ਕਿ ਇਕ ਬੇਹਦ ਲੱਤ ਲਾਉਣ ਵਾਲਾ ਨਸ਼ਾ ਹੈ, ਦਿਮਾਗ਼ ਦੇ ਵਿਕਾਸ ਲਈ ਵੀ ਨੁਕਸਾਨਦੇਹ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਦੀ ਭੁਮਿਕਾ: 
  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਨੇ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਇਕ ਨਿਵੇਕਲੀ ਸਕੀਮ ਹੈ। ਇਸ ਸਕੀਮ ਦੀ ਮਾਨਤਾ 2021 ਤੋਂ 2026 ਤਕ ਦੀ ਹੈ। ਇਸ ਸਕੀਮ ਦੇ ਮੁੱਖ ਕਾਰਜਾਂ ਵਿਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਅਧੀਨ ਵੱਖੋ ਵੱਖ ਗਤੀਵਿਧੀਆਂ ਦੀ ਸਮੁੱਚੀ ਨੀਤੀ ਬਨਾਉਣਾ, ਯੋਜਨਾਬੰਦੀ, ਲਾਗੁ ਕਰਨਾ, ਨਿਗਰਾਨੀ, ਅਤੇ ਮੁਲਾਂਕਣ ਕਰਨਾ ਆਦਿ ਹਨ। ਇਸ ਤੋਂ ਇਲਾਵਾ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ (ਪੈਕੇਜਿੰਗ ਅਤੇ ਲੇਬਲੰਿਗ) ਸੰਸ਼ੋਧਨ ਨਿਯਮ 2022, ਜਿਵੇਂ ਕਿ ਸਮੇਂ ਸਮੇਂ ਤੇ ਸੋਧਿਆ ਗਿਆ ਹੈ, ਦੀਆਂ ਨਵੀਆਂ ਨਿਰਧਾਰਤ ਸਿਹਤ ਚੇਤਾਵਨੀਆਂ ਦੀ ਸੂਚਨਾ ਸਬੰਧੀ ਲੋੜੀਂਦੇ ਪ੍ਰਚਾਰ, ਪ੍ਰਸਾਰ ਅਤੇ ਅਮਲ ਨੂੰ ਯਕੀਨੀ ਬਨਾਉਣਾ ਵੀ ਇਸ ਇਸਦੇ ਮੁੱਖ ਕਾਰਜਾਂ ਵਿਚ ਸ਼ਾਮਿਲ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਭਾਰਤ ਨੇ ਤੰਬਾਕੂ ਦੀ ਲਤ ਦੇ ਇਲਾਜ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਜਿਨ੍ਹਾ ਨੂੰ ਤਿਆਰ ਕਰਨ ਲਈ ਭਾਰਤ ਦੇ ਪ੍ਰਸਿੱਧ ਡਾਕਟਰਾਂ ਵੱਲੋਂ ਆਪੋ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਉਨ੍ਹਾ ਦੇ ਵੀ ਸੀਨੀਅਰ ਡਾਕਟਰਾਂ ਵੱਲੋਂ ਇਨ੍ਹਾ ਦਿਸ਼ਾ ਨਿਰਦੇਸ਼ਾਂ ਦੀ ਗੂੜ੍ਹੀ ਸਮੀਖਿਆ ਕੀਤੀ ਗਈ ਹੈ। ਇਹ ਦਿਸ਼ਾ ਨਿਰਦੇਸ਼ ਇਸ ਤੱਥ ਦੀ ਤਸਦੀਕ ਕਰਦੇ ਹਨ ਕਿ ‘ਤੰਬਾਕੂ ਕੰਟਰੋਲ ਅਤੇ ਫਰੇਮਵਰਕ ਕਨਵੈਂਸ਼ਨ’ ਦੇ ਅਧੀਨ ਜਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ, ਵੱਖੋ ਵੱਖ ਦੇਸ਼ਾਂ ਦੀ ਮਦਦ ਕਰਨ ਲਈ ਵਿਸ਼ਵ ਸਿਹਤ ਸੰਗਠਨ ਨੇਂ ‘ਅੇਮ. ਪਾਵਰ’ (MPOWER) ਦੀ ਸਥਾਪਨਾ ਕੀਤੀ ਹੈ ਜਿਸ ਦੀਆਂ ਨੀਤੀਆਂ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਵਿਚ ਸਹਾਇਕ ਅਤੇ ਕਾਰਗਰ ਸਾਬਤ ਹੋਈਆਂ ਹਨ। ਇਸ ਦੀਆਂ ਨੀਤੀਆਂ ਕੁਝ ਇਸ ਤਰ੍ਹਾਂ ਹਨ:
ਤੰਬਾਕੂ ਦੀ ਵਰਤੋਂ ਅਤੇ ਰੋਕਥਾਮ ਸਬੰਧੀ ਨੀਤੀਆਂ ਦੀ ਨਿਗਰਾਨੀ ਕਰੋ।
ਲੋਕਾਂ ਨੂੰ ਤੰਬਾਕੂ ਦੇ ਧੁਏਂ ਤੋਂ ਬਚਾਓ।
ਤੰਬਾਕੂ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਮਦਦ ਦੀ ਪੇਸ਼ਕਸ਼ ਕਰੋ।
ਤੰਬਾਕੂ ‘ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਚੇਤਾਵਨੀ ਦਿਓ।
ਤੰਬਾਕੂ ਦੀ ਮਸ਼ਹੂਰੀ, ਪ੍ਰਚਾਰ ਅਤੇ ਸਪਾਂਸਰਸ਼ਿਪ ‘ਤੇ ਪਾਬੰਦੀ ਲਾਗੂ ਕਰੋ, ਅਤੇ
ਤੰਬਾਕੂ ਉਤਪਾਦਾਂ ਤੇ ਕਰ (ਟੈਕਸ) ਵਧਾਓ।
ਤੰਬਾਕੂਨੋਸ਼ੀ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਪਰਿਵਾਰਕ ਜੀਆਂ, ਦੋਸਤਾਂ, ਅਤੇ ਸਹਿਕਰਮੀਆਂ ਦੀ ਭੁਮਿਕਾ:
        ਵਿਅਕਤੀ ਸਮਾਜ ਤੋਂ ਹੀ ਸਿਗਰਟਨੋਸ਼ੀ ਸਿੱਖਦਾ ਹੈ। ਇਸੇ ਤਰ੍ਹਾਂ, ਉਹ ਆਪਣੇ ਸਮਾਜ ਦੀ ਭੁਮਿਕਾ ਸਦਕਾ ਨਸ਼ਾ ਮੁਕਤ ਵੀ ਹੋ ਸਕਦਾ ਹੈ। ਤੰਬਾਕੂਨੋਸ਼ੀ ਦੀ ਲਤ ਛੱਡਾੳਣ ਲਈ ਕਿਸੇ ਵਿਅਕਤੀ ਦੀ ਮਦਦ ਕਰਨ ਦੇ ਸਿਲਸਿਲੇ ਵਿਚ ਪਰਿਵਾਰਕ ਜੀਅ, ਦੋਸਤ, ਅਤੇ ਸਹਿਕਰਮੀ ਵਧੇਰੇ ਮਹੱਤਵਪੂਰਣ ਭੁਮਿਕਾ ਨਿਭਾ ਸਕਦੇ ਹਨ। ਲਤ ਲੱਗੇ ਵਿਅਕਤੀ ਨੂੰ ਸਿਗਰੇਟਨੋਸ਼ੀ ਛੱਡਣ ਲਈ ਸ਼ਾਤਮਈ ਤਰੀਕੇ ਨਾਲ, ਕਦਮ-ਦਰ-ਕਦਮ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਸਿਗਰਟਨੋਸ਼ੀ ਨਾ ਕਰਨ ਵਾਲੇ ਹਰੇਕ ਨਾਗਰਿਕ ਨੂੰ ਇਸਦੀ ਲਤ ਲੱਗੇ ਘੱਟੋ ਘੱਟ ਇਕ ਵਿਅਕਤੀ ਨੂੰ ਸਿਗਰਟਨੋਸ਼ੀ ਛੱਡਣ ਲਈ ਪ੍ਰੇਰਤ ਕਰਨ ਲਈ, ਬਿਨਾ ਕਿਸੇ ਸਵਾਰਥ ਭਾਵ ਨਾਲ, ਆਪ ਮੁਹਾਰੇ ਹੀ ਵਚਨਬੱਧ ਹੋਣਾ ਚਾਹੀਦਾ ਹੈ। ਇਸ ਕਾਰਜ ਨੂੰ ਸਫਲ ਬਨਾਉਣ ਲਈ, ਲਗਭਗ ਹਰੇਕ ਜ਼ਿਲ੍ਹੇ ਵਿਚ ਸਥਾਪਿਤ ਨਸ਼ਾ ਛਡਾਊ ਕੇਂਦਰਾਂ ਦੀਆਂ ਸੇਵਾਵਾਂ ਵੀ, ਆਪੋ-ਆਪਣੀ ਸਹੂਲਤ ਅਨੂਸਾਰ ਲਈਆਂ ਜਾ ਸਕਦੀਆਂ ਹਨ। ਅਜਿਹਾ ਕਰਨ ਨਾਲ ਅਸੀਂ ਲਗਭਗ 130 ਕਰੋੜ ਸਿਗਰਟਨੋਸ਼ੀ ਦੀ ਲਤ ਲੱਗੇ ਵਿਅਕਤੀਆਂ ਦੀ ਮਦਦ ਕਰ ਸਕਦੇ ਹਾਂ ਅਤੇ ਇਸ ਤਰਾਂ ਅਸੀਂ ਉਨ੍ਹਾ ਨੂੰ ਹੋਲੀ ਹੋਲੀ ਮੌਤ ਦੇ ਖ਼ਤਰੇ ਵਾਲੇ ਡੂੰਘੇ ਖੂਹ ‘ਚੋਂ ਬਾਹਰ ਕੱਢ ਸਕਦੇ ਹਾਂ।
ਸੁਨੀਲ ਕੁਮਾਰ ਗੁੰਦ

NannuNeeL77@gmail.com

+91-94184-70707
(ਪ੍ਰਕਾਸ਼ਿਤ: ਦੇਸ਼ ਸੇਵਕ, ਰੋਜ਼ਾਨਾ ਅਖ਼ਬਾਰ, ਜਲੰਧਰ ਮਿਤੀ 13.03.2024)
( https://epaper.deshsewak.org/imageview_4828_14325217_4_71_13-03-2024_4_i_1_sf.html )

No comments:

Post a Comment