Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Tuesday 12 March 2024

ਅਮੀਨ ਸਯਾਨੀ: ਰੇਡੀਓ ਪੇਸ਼ਕਾਰੀ ਦੀ ਦੁਨੀਆਂ ਦਾ ਇਕ ਤਸਦੀਕੀ ਨਾਮ


 ਅਮੀਨ ਸਯਾਨੀ: ਰੇਡੀਓ ਪੇਸ਼ਕਾਰੀ ਦੀ ਦੁਨੀਆਂ ਦਾ ਇਕ ਤਸਦੀਕੀ ਨਾਮ

(ਸੁਨੀਲ ਕੁਮਾਰ ਗੁੰਦ)

21 ਦਿਸੰਬਰ, 1932 ਨੁੰ ਮੁੰਬਈ (ਪਹਿਲਾਂ ਬੋਂਬੇ) ਵਿਖੇ, ਸਾਹਿਤ ਅਤੇ ਕਿਤਾਬਾਂ ਨਾਲ ਸਿੱਧਾ ਵਾਹ-ਵਾਸਤਾ ਰੱਖਣ ਵਾਲੇ ਪ੍ਰੀਵਾਰ ਵਿਚ ਜਨਮੇ ਅਮੀਨ ਸਯਾਨੀ, ਰੇਡੀਓ ਪੇਸ਼ਕਾਰੀ ਦੀ ਦੁਨੀਆਂ ਦਾ ਇਕ ਤਸਦੀਕੀ ਨਾਮ ਹੈ। ਮਾਤਾ ਕੁਲਸੁਮ ਸਯਾਨੀ ਇਕ ਗਾਂਧੀਵਾਦੀ ਸੀ ਜੋ ਮਸ਼ਹੂਰ ਪੰਦਰਵਾੜੀ ਸਮਾਚਾਰ ਪੱਤਰ ‘ਰਹਿਬਰ’, ਜਿਸਦੀ ਸ਼ੁਰੂਆਤ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਵੱਲੋਂ ਕੀਤੀ ਗਈ ਸੀ, ਦੀ ਸੰਪਾਦਕ ਸੀ। ਪਿਤਾ ਜਾਨਮੁਹੰਮਦ ਸਯਾਨੀ ਪੇਸ਼ੇ ਵਜੋਂ ਇਕ ਮੈਡੀਕਲ ਡਾਕਟਰ ਸੀ। ਅਮੀਨ ਦੇ ਮਾਪੇ ਸਵਤੰਤਰਤਾ ਘੁਲਾਟੀਏ ਸਨ ਜਿਨ੍ਹਾ ਆਪਣੇ ਜੀਵਨ ਵਿਚ ਅਨੇਕ ਉਤਾਰ-ਚੜ੍ਹਾਅ ਵੇਖੇ ਅਤੇ ਤੁਜ਼ੁਰਬਾ ਹਾਸਿਲ ਕੀਤਾ ਜੋ ਅੱਗੇ ਅਮੀਨ ਤੱਕ ਵੀ ਪਹੁੰਚਿਆ ਜਿਸਨੂੰ ਉਨ੍ਹਾ ਦੀਆਂ ਰੇਡੀਓ ਪੇਸ਼ਕਾਰੀਆਂ ਦੌਰਾਨ ਵਰਤੀ ਗਈ ਸ਼ਬਦਾਵਲੀ ਵਿਚ ਸਾਫ ਤੌਰ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾ ਦਾ ਵੱਡਾ ਭਰਾ ਹਮੀਦ ਸਯਾਨੀ, ਜੋ ਕਿ ਇਕ ਅਮਗਰੇਜ਼ੀ ਭਾਸ਼ਾਈ ਰੇਡੀਓ ਪੇਸ਼ਕਾਰ ਸੀ, ਵੀ ਬਿਲਕੁਲ ਉਨ੍ਹਾ ਵਾਰਗਾ ਹੀ ਸੀ ।

ਅਮੀਨ ਨੇਂ ਆਪਣੇ ਜੀਵਨ ਕਾਲ ਦੌਰਾਨ 54,000 ਤੋਂ ਵੀ ਵੱਧ ਰੇਡੀਓ ਪ੍ਰੋਗਰਾਮਾ ਵਿਚ ਆਪਣੀ ਪੇਸ਼ਕਾਰੀ ਦੀ ਕਲਾ ਦਾ ਯੋਗਦਾਨ ਪਾਇਆ। 19,000 ਤੋਂ ਵੀ ਵੱਧ ਵਿਿਗਆਪਨਾ ਵਿਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਲਈ ਉਨ੍ਹਾ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ਼ ਹੈ।

ਸਨ 1950, ਇਹ ਅਜਿਹਾ ਦੌਰ ਸੀ ਜਦੋਂ ਅਜ਼ਾਦ ਭਾਰਤ ਦੀ ਸਰਕਾਰ ਨੇਂ ਆਲ ਇੰਡੀਆ ਰੇਡੀਓ ‘ਤੇ ਬਾਲੀਵੁਡ ਦੇ ਗੀਤਾਂ ਦੇ ਪ੍ਰਸਾਰਣ ਤੇ ਇਸ ਬਿਨਾਹ ਤੇ ਰੋਕ ਲਗਾ ਦਿੱਤੀ ਸੀ ਕਿ ਫਿਲਮੀਂ ਗੀਤਾਂ ਵਿਚ ਬ੍ਰਿਿਟਸ਼ ਰਾਜ਼ ਦੀ ਪੱਛਮੀਂ ਸੱਭਿਅਤਾ ਦੀ ਮਨੋਰੰਜਨ ਸਮੱਗਰੀ ਝਲਕਦੀ ਹੈ ਜੋ ਕਿ (ਉਸ ਵੇਲੇ) ਭਾਰਤੀ ਲੋਕਾਂ ਅਤੇ ਉਨ੍ਹਾ ਦੇ ਸੱਭਿਆਚਾਰ ਲਈ ਢੁਕਵੀਂ ਨਹੀਂ ਸੀ ਸਮਝੀ ਜਾਂਦੀ। ਇਹ ਹੀ ਉਹ ਢੁਕਵਾਂ ਸਮਾਂ ਸੀ ਜਦੋਂ ਅਮੀਨ ਦੀ ਆਵਾਜ਼ ਨੇਂ ਬੋਲਣ ਦੇ ਅਦੁੱਤੇ ਅਤੇ ਨਾ ਭੁੱਲਣ ਵਾਲੇ ਅੰਦਾਜ਼ ਰਾਹੀਂ ‘ਬਿਨਾਕਾ ਗੀਤ ਮਾਲਾ’, ਜੋ ਕਿ ‘ਰੇਡੀਓ ਸਿਲੋਨ’ ਤੋਂ ਪ੍ਰਸਾਰਿਤ ਹੋਣ ਵਾਲਾ ਅੱਥੇ ਘੰਟੇ ਦਾ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸੀ, ਦੀ ਪੇਸ਼ਕਾਰੀ ਕਰਕੇ ਵਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਪ੍ਰੋਗਰਾਮ ਆਪਣੇ 1952 ਤੋਂ 1994, 2000 ਤੋਂ 2001, ਅਤੇ 2001 ਤੋਂ 2003 ਦੇ ਸਫ਼ਰ ਦੌਰਾਨ ਅਨੇਕਾਂ ਪੜਾਵਾਂ ‘ਚੋਂ ਲੰਘਿਆ ਜਿਨ੍ਹਾ ਵਿਚ ਇਸਦੇ ਸਿਰਲੇਖ ਦੇ ਬਦਲਾਅ ਵੀ ਸ਼ਾਮਿਲ ਸਨ ਜਿਵੇਂ ਕਿ, ‘ਬਿਨਾਕਾ ਗੀਤ ਮਾਲਾ’ ਤੋਂ ਹਿੱਟ ਪਰੇਡ’ ਅਤੇ ਫਿਰ ‘ਸਿਬਾਕਾ ਗੀਤ ਮਾਲਾ’।

ਗੀਤਮਾਲਾ ਦਾ ਪ੍ਰਸਾਰਣ ‘ਰੇਡੀਓ ਸਿਲੋਨ’ ‘ਤੇ 1952 ਤੋਂ 1988 ਤੱਕ ਹੁੰਦਾ ਰਿਹਾ ਅਤੇ ਮਗਰੋਂ, 1989 ਵਿਚ ਇਹ ਪ੍ਰੋਗਰਾਮ ‘ਆਲ ਇੰਡੀਆ ਰੇਡੀਓ’ ‘ਤੇ ਪ੍ਰਸਾਰਿਤ ਹੋਣ ਲਗ ਪਿਆ ਜੋ ਕਿ ਅਮੀਨ ਸਯਾਨੀ ਦੀ ਲਾਜਵਾਬ ਪੇਸ਼ਕਾਰੀ ਨਾਲ ਸ਼ਿੰਗਾਰਿਆ ਹੋਇਆ 1994 ਤੀਕ ਜਾਰੀ ਰਿਹਾ। ਅਮੀਨ ਨੇ ਆਪਣੀ ਰੇਡੀਓ ਪੇਸ਼ਕਾਰੀ ਵਿਚ ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਲਫ਼ਜ਼ਾਂ ਦੀ ਢੁਕਵੀਂ ਵਰਤੋਂ ਕਰਕੇ ਬੇਸ਼ੁਮਾਰ ਪ੍ਰਸਿੱਧੀ ਪ੍ਰਾਪਤ ਕੀਤੀ ਜਿਸ ਵਿਚ ਉਨ੍ਹਾ ਨੇ, ਉਸ ਦੌਰ ਵਿਚ ਵੀ ਅੋਰਤਾਂ ਨੂੰ ਤਰਜੀਹ ਇਸ ਤਰ੍ਹਾਂ ਸੰਬੋਧਨ ਕਰਕੇ ਦਿੱਤੀ, “ਬਹਿਨੋ ਅੋਰ ਭਾਈਓ! ਮੈਂ ਹੂੰ ਆਪਕਾ ਦੋਸਤ, ਅਮੀਨ ਸਯਾਨੀ”।

ਅਮੀਨ ਨੇ ਆਪਣਾ ਰੇਡੀਓ ਸਫ਼ਰ 7 ਵਰ੍ਹਿਆਂ ਦੀ ਨਿੱਕੀ ਉਮਰੇ ਹੀ ਸ਼ੁਰੂ ਕਰ ਦਿੱਤਾ ਸੀ। ਵਿਅਵਸਾਈ ਤੌਰ ਤੇ ਪਹਿਲਾਂ ਅਗਰੇਜ਼ੀ ਵਿਚ ਸ਼ੁਰੂਆਤ ਕੀਤੀ ਅਤੇ ਬਾਅਦ ਵਿਚ ਸਨ 1951 ਤੋਂ ਹਿੰਦੀ ਭਾਸ਼ਾ ਵਿਚ ਆਪਣੇ ਫ਼ਨ ਦਾ ਮੁਜ਼ਾਹਿਰਾ ਕੀਤਾ ਅਤੇ 42 ਵਰ੍ਹਿਆਂ ਦੇ ਆਪਣੇ ਕਿੱਤੇ ਦੇ ਸ਼ਫ਼ਰ ਦੌਰਾਨ ਅਮੀਨ ਨੇ ਅਨੇਕਾਂ ਹੀ ਵੱਡੀਆਂ ਸ਼ਖ਼ਸੀਅਤਾਂ ਦੇ, ਬੜੇ ਹੀ ਬੇਬਾਕ ਤਰੀਕੇ ਨਾਲ ਸਾਖਿਆਤਕਾਰ ਕੀਤੇ ਜਿਨ੍ਹਾ ਵਿਚ ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਅਤੇ ਰਾਜ ਕਪੂਰ ਵੀ ਸ਼ਾਮਿਲ ਹਨ। ਅਜਿਹੇ ਸਾਖਿਆਤਕਾਰਾਂ ਦੌਰਾਨ ਉਹ ਗਹਿਰੇ ਸਵਾਲ ਪੁੱਛਣ ਤੋਂ ਵੀ ਨਹੀਂ ਸਨ ਕਤਰਾਉਂਦੇ। ਬੰਬਈ ਵਿਸ਼ਵ ਵਿਿਦਆਲੇ ‘ਚੋਂ ਇਤਿਹਾਸ ਵਿਸ਼ੇ ਵਿਚ ਸਨਾਤਕ ਦੀ ਡਿਗਰੀ ਪ੍ਰਾਪਤ ਕਰ  ਚੁਕੇ ਅਮੀਨ, ਉਨ੍ਹਾ ਪਹਿਲੀਆਂ ਆਵਾਜ਼ਾਂ ਵਿਚੋਂ ਇਕ ਹੋ ਨਿਬੜੇ ਜਿਨ੍ਹਾ ਨੂੰ ਏਸ਼ੀਆ ਮਹਾਂਦੀਪ ਦਿਆਂ ਹਵਾਈ ਜਹਾਜ਼ਾਂ ਵਿਚ ਆਮ ਹੀ ਸੁਣਿਆ ਜਾਂਦਾ ਸੀ।

91 ਵਰ੍ਹਿਆਂ ਦੇ ਅਮੀਨ ਸਯਾਨੀ ਨੇਂ 21 ਫਰਵਰੀ, 2024 ਦੀ ਰਾਤ ਨੂੰ ਸਰ ਅੇਚ. ਅੇਨ. ਰਿਲਾਇੰਸ ਫਾਉਂਡੇਸ਼ਨ ਹਸਪਤਾਲ, ਮੁੰਬਈ ਵਿਖੇ ਆਪਣੇ ਆਖ਼ਿਰੀ ਸਾਂਹ ਲਏ, ਜਿੱਥੇ ਕਿ ਉਨ੍ਹਾ ਨੂੰ ਅਚਾਨਕ ਆਏ ਦਿਲ ਦੇ ਦੌਰੇ ਦੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਅਤੇ ਜਿੱਥੇ, ਇਲਾਜ਼ ਦੌਰਾਨ ਉਨ੍ਹਾ ਦੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। “ਭੇਣੋਂ ਤੇ ਭਰਾਵੋ!”, ਹਾਲਾਂਕਿ ਅਮੀਨ ਸਯਾਨੀ, ਸ਼ਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ, ਪਰ ਉਹ ਆਪਣੀਆਂ ਰਿਕਾਰਡ ਕੀਤੀਆਂ ਹੋਈਆਂ ਅਤੁਲਨਾਤਮਕ ਅਤੇ ਵਿਲੱਖਣ ਸ਼ੈਲੀ ਨਾਲ ਅਲੰਕਰਿਤ ਅਵਾਜ਼ਾਂ ਰਾਹੀਂ, ਆਪਣੇ ਸਰੋਤਿਆਂ ਦੇ ਦਿਲਾਂ ਵਿਚ ਹਮੇਸ਼ਾਂ ਜਿਉਂਦੇ ਰਹਿਣਗੇ।              

ਸੁਨੀਲ ਕੁਮਾਰ ਗੁੰਦ

ਸੰਗਰੂਰ (ਪੰਜਾਬ), ਭਾਰਤ

NannuNeeL77@gmail.com

+91-94184-70707 

(ਪ੍ਰਕਾਸ਼ਿਤ: ਪੰਜਾਬੀ ਜਾਗਰਣ, ਜਲੰਧਰ 01 ਮਾਰਚ, 2024)
https://epaper.punjabijagran.com/epaper/01-mar-2024-7-jalandhar-edition-jalandhar-page-10-page-3.html


 

No comments:

Post a Comment