ਮਿੰਨੀ ਕਹਾਣੀ: ਵੱਖਵਾਦੀ ਨੂੰਹ
ਪਤੀ: ਮੈਡਮ ਜੀ! ਅੱਜ ਦਫਤਰੋਂ ਘਰ ਨਹੀਂ ਪਰਤੇ, ਮੋਬਾਇਲ ਫੋਨ ਵੀ ਬੰਦ ਕੀਤਾ ਹੋਇਆ ਸੀ, ਕਿੱਥੇ ਹੋਂ?
ਪਤਨੀ: ਮੈਂ ਆਪਣੇ ਪਿਤਾ ਦੇ ਘਰ ਆ ਗਈ ਹਾਂ।
ਪਤੀ: ਦੱਸ ਕੇ ਨਹੀਂ ਆਉਣਾ ਹੁੰਦਾ, ਵਾਪਸ ਕਦੋਂ ਪਰਤੇਂਗੀ?
ਪਤਨੀ: ਹਾਲੇ ਨਹੀਂ ਦੱਸ ਸਕਦੀ। ਫੋਨ ਕਰਕੇ ਦੱਸ ਦੇਵਾਂਗੀ।
ਪਤੀ: ਪਰਸੋਂ ਤੇਰਾ ਪਹਿਲਾ ਕਰਵਾ ਚੌਥ ਦਾ ਵਰਤ ਹੈ ਅਤੇ ਅਗਲੇ ਹਫਤੇ ਦੀਵਾਲੀ ਹੈ। ਜਲਦੀ ਪਰਤ ਆਵੀਂ।
ਪਤਨੀ: ਮੈਂ ਤਾਂ ਹੁਣ ਉਦੋਂ ਹੀ ਪਰਤਾਂਗੀ ਜਦੋਂ ਤੁਸੀ ਆਪਣੀ ਮਾਂ ਨਾਲੋਂ ਵੱਖ ਹੋ ਕੇ ਕਿਤੇ ਹੋਰ ਮਕਾਨ ਦਾ ਇੰਤਜ਼ਾਮ ਕਰ ਲਵੋਂਗੇ।
ਪਤੀ: ਵੱਖ ਹੋ ਕੇ! ਕਿਸ ਨਾਲੋਂ ਵੱਖ ਹੋ ਕਿ ਰਹਿਣਾ ਹੈ ਆਪਾਂ? ਮੇਰੀ ਵਿਧਵਾ ਅਤੇ ਬੀਮਾਰ ਮਾਂ ਨਾਲੋਂ?
ਪਤਨੀ: ਬਿਲਕੁਲ। ਜੇ ਇੱਦਾਂ ਨਹੀਂ ਕਰ ਸਕਦੇ ਹੋ ਤਾਂ ਮੈਂ ਨਹੀਂ ਆਵਾਂਗੀ, ਆਪਣੇ ਮਾਪਿਆਂ ਕੋਲ ਹੀ ਰਹਾਂਗੀ।
ਪਤੀ: ਇਹ ਸਹੀ ਨਹੀਂ।
ਪਤਨੀ: ਸੋਚ ਲਵੋ! ਜੇ ਤੁਸੀਂ ਮੇਰੀ ਇਹ ਗੱਲ ਨਾ ਮੰਨੋਂਗੇ ਤਾਂ ਮੈਂ ਇਲਜ਼ਾਮ ਲਾਵਾਂਗੀ ਕਿ ਤੁਸੀਂ ਮੇਰੇ ਕੋਲੋਂ ਰੁਪੱਈਏ ਮੰਗਦੇ ਹੋਂ।
ਪਤੀ: ਕੀ ਇਹ ਸੱਚ ਹੈ? ਯਾਦ ਕਰ। ਆਪਣੇ ਵਿਆਹ ਨੂੰ ਸੱਤ ਮਹੀਨੇ ਹੋ ਗਏ ਹਨ। ਕੀ ਮੈਂ ਤੇਰੇ ਤੋਂ ਤੇਰੀ ਤਨਖ਼ਾਹ ਦਾ ਇਕ ਰੁਪੱਈਆ ਵੀ ਮੰਗਿਆ ਜਾਂ ਲਿਆ? ਮੈਂ ਤਾਂ ਉਸ ਰਕਮ ਵੱਲ ਵੀ ਨਹੀਂ ਝਾਕਿਆ, ਪਤੀ ਹੋਣ ਕਰਕੇ, ਜਿਸ ਉੱਪਰ ਮੇਰਾ ਹੱਕ ਵੀ ਬਣਦਾ ਸੀ।
ਪਤਨੀ: ਜੇ ਇਹ ਦਾਅ ਨਾ ਚੱਲਿਆ ਤਾਂ ਮੈਂ ਕਹਾਂਗੀ ਕਿ ਮੇਰੇ ਨਾਲ ਮਾਰ-ਕੁੱਟ ਕੀਤੀ ਜਾਂਦੀ ਹੈ।
ਪਤੀ: ਇਹ ਸੱਭ ਸਹੀ ਨਹੀਂ ਹੈ।
ਪਤਨੀ: ਮੈਂ ਕੁੱਝ ਨਹੀਂ ਜਾਣਦੀ। ਦੱਸੋ ਕਿ ਮਾਂ ਨਾਲੋਂ ਵੱਖ ਹੋ ਕੇ ਰਹੋਂਗੇ ਜਾਂ ਨਹੀਂ? ਮੇਰੇ ਨਾਲ ਉਦੋਂ ਹੀ ਗੱਲ ਕਰਨਾ ਜਦੋਂ ਮੇਰੀ ਇਹ ਸ਼ਰਤ ਮੰਜ਼ੂਰ ਹੋਵੇ।
ਪਤੀ: ਤੇਰੇ ਪਿਤਾ ਜੀ ਸਲਾਮਤ ਹਨ, ਤੂੰ ਨਹੀਂ ਜਾਣਦੀ ਕਿ ਇਕ ਵਿਧਵਾ ਔਰਤ ਨੂੰ ਪੁੱਤਰ ਦੇ ਸਹਾਰੇ ਦੀ ਕਿੰਨੀ ਲੋੜ ਹੁੰਦੀ ਹੈ।
ਪਤਨੀ: ਕਿਹਾ ਨਾ, ਮੈਂ ਕੁਝ ਨਹੀਂ ਜਾਣਦੀ। ਸ਼ਰਤ ਮੰਜ਼ੂਰ ਹੈ ਤਾਂ ਗੱਲ ਕਰੋ, ਨਹੀਂ ਤਾਂ ਰਹਿਣ ਦਿਓ। ਮੈਂ ਆਪਣੇ ਮਾਪਿਆਂ ਕੋਲ ਹੀ ਠੀਕ ਹਾਂ। ਮੈਂ ਉਨ੍ਹਾ ਔਰਤਾਂ ਵਾਂਗ ਨਹੀਂ ਜੋ ਚੁਪਚਾਪ ਆਪਣੇ ਪਤੀ ਦੇ ਮਗਰ-ਮਗਰ ਚੱਲਣ।
ਪਤੀ: ਇਹ ਸਹੀ ਨਹੀਂ ਹੈ। ਤੂੰ ਕਿੰਨੀ ਦੇਰ ਉੱਥੇ ਰਹੇਂਗੀ, ਲੋਕੀ ਗੱਲਾਂ ਨਾ ਕਰਨਗੇ?
ਪਤਨੀ: ਮੈਨੂੰ ਕਿਸੇ ਦੀ ਪਰਵਾਹ ਨਹੀਂ। ਮੇਰੇ ਪਿਤਾ ਜੀ ਦੀ ਬਹੁਤ ਚੱਲਦੀ ਹੈ। ਉਹ ਆਪੇ ਸੱਭ ਬੋਲਣ ਵਾਲਿਆਂ ਦੇ ਮੁੰਹ ਬੰਦ ਕਰ ਦੇਣਗੇ।
ਪਤੀ: ਜ਼ਰਾ ਸੋਚ ਕੇ ਵੇਖ ਕਿ ਤੂੰ ਕੀ ਆਖ ਰਹੀ ਹੈਂ। ਇਕ ਔਰਤ ਤਾਂ ਵਿਆਹੇ ਜਾਣ ਮਗਰੋਂ ਵੀ ਆਪਣੇ ਮਾਂ-ਬਾਪ ਨੂੰ ਨਹੀਂ ਛੱਡ ਸਕੀ ਪਰ ਓਹੀ ਔਰਤ ਆਪਣੇ ਪਤੀ ਨੂੰ ਉਕਸਾਉਂਦੀ ਹੈ ਕਿ ਆਪਣੀ ਵਿਧਵਾ ਮਾਂ ਨਾਲੋਂ ਵੱਖ ਹੋ ਕੇ ਰਹੇ।
'ਨੀਲ'
(ਭਾਰਤ) +91-94184-70707
No comments:
Post a Comment