Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]

Sadaa Muskuraaunde Hi Raho ! [Name of my Ustaad: Dr. (Mrs.) Manu Sharma Sohal Ji]
Sadaa Muskuraaunde Hi Raho ! [Name of my Ustaad: Dr.(Mrs.) Manu Sharma Sohal Ji]

Tuesday, 2 October 2012

Geet : Agg Da Waandaa

ਗੀਤ  : ਅੱਗ ਦਾ ਵਾਂਡਾ

ਮੈਂ ਅੱਗ ਦਾ ਇਕ ਵਾਂਡਾ
ਅੰਮੜੀਏ!
ਮੈਂ ਅੱਗ ਦਾ ਇਕ ਵਾਂਡਾ
ਮੈਂ ਕਈ ਭਾਂਡੇ ਭਰ-ਭਰ ਕਾੜ੍ਹੇ
ਅਜ ਮੇਰਾ ਖਾਲੀ ਭਾਂਡਾ
  ਅੰਮੜੀਏ!ਮੈਂ ਅੱਗ ਦਾ ਇਕ ਵਾਂਡਾ ।

ਸੱਤ-ਸਮੁੰਦਰ, ਸੱਤੇ-ਸੁਰ 'ਤੇ
ਸੱਤ-ਰੰਗ ਸਨ ਮੇਰੇ ਦਰਦੀ
ਮੈਂ ਹਰ ਸੱਤ ਦੇ ਚੌਕੀਂ ਚੜ੍ਹ ਕੇ
ਕਰਦਾ ਸਾਂ ਮਨ-ਮਰਜ਼ੀ
ਹੁਣ ਐਸਾ ਇਕ ਸਿਫ਼ਰਾ ਹਾਂ
ਕੋਈ ਚੁਲ੍ਹੇ ਵਿਚ ਨਾ ਪਾਂਦਾ
  ਅੰਮੜੀਏ!ਮੈਂ ਅੱਗ ਦਾ ਇਕ ਵਾਂਡਾ।

ਮੇਰੀ ਅੱਗ, ਜਿਸ ਮੈਨੂੰ ਜਾਇਆ
ਉਹ ਅੱਜ ਧੁਖਦੀ ਜਾਂਦੀ
ਜਿਸ ਨੇਂ ਚੁੱਲ੍ਹਾ ਬਲ਼ਦਾ ਰੱਖਿਆ
ਉਹ ਅੱਗ ਬੁਝਦੀ ਜਾਂਦੀ
ਉਸਦੀ ਅੱਗ ਚੁੰਘ ਭਫ਼ਿਆ ਪਾਣੀ
ਅਜ ਉਸਦੀ ਲਾਟ ਬੁਝਾਂਦਾ
  ਅੰਮੜੀਏ!ਲੈ ਅੱਗ ਦਾ ਇਕ ਵਾਂਡਾ।

ਮੇਰੇ ਤਿੰਨ-ਕੱਪੜੀਂ ਅੱਗ ਲੱਗਦੀ
ਜਦ ਕੋਈ ਅੱਗ 'ਤੇ ਪਾਣੀ ਪਾਂਦਾ
ਪਰ ਮੈਂ ਅੱਗ ਦੇ ਆਖੇ ਲਗ ਕੇ
ਅੰਦਰ-ਅੱਗ ਨੂੰ ਬਹਿ ਦਬਾਂਦਾ
ਅੱਗ ਸਮਝਾਉੰਦੀ, "ਘਰ ਦੀ ਅੱਗ ਵਿਚ
ਜੱਗ ਹੈ ਮੰਨ੍ਹ ਪਕਾਂਦਾ"
  ਅੰਮੜੀਏ!ਕੀ ਅੱਗ ਦਾ ਇਕ ਵਾਂਡਾ।

ਪਹਿਲੀ, ਅੱਗ ਜਾਈ ਨੇਂ ਜ਼ਹਿਨ ਨੂੰ
ਸੋਚ-ਸੋਚ ਕੱਖ ਕੀਤਾ
ਉਸ ਦੇ ਸਲਵਾਨੀ ਕੋਲੇ ਨੂੰ
ਸਿਆਲ-ਕੋਟ ਵੱਖ ਕੀਤਾ
ਉਸਦੀ ਸੱਖਣੀ ਗੋਦੀ ਵਿਚ
ਸੁੰਨਾਪਨ ਝੂਟੇ ਖਾਂਦਾ
  ਅੰਮੜੀਏ! ਨਾ ਅੱਗ ਦਾ ਇਕ ਵਾਂਡਾ।

ਦੂਜੀ, ਅੱਗ-ਜਾਈ ਦਾ ਕੋਲਾ
ਵੱਖਰਾ ਚੁੱਲ੍ਹਾ ਡਾਹੇ
ਨਾ ਉਹ ਕਦਰ ਕਰੇ ਕਿਸੇ ਅੱਗ ਦੀ
ਨਾ ਚੁੱਲ੍ਹੇ ਵਿੱਚ ਸਮਾਏ
ਧੂੰ(ਆਂ) ਜੰਮਣ 'ਤੇ, ਅੱਗ ਜੰਮਣ 'ਤੇ
ਉਹ ਨਿਜ ਰੰਗ ਵਿਖਾਂਦਾ
  ਅੰਮੜੀਏ!ਦੁਰ ਅੱਗ ਦਾ ਇਕ ਵਾਂਡਾ।

ਚੁੱਲ੍ਹੇ ਦੇ ਦੋ ਵਾਂਡਿਆਂ ਲਈ ਅੱਗ
ਦੋ ਅੱਗਾਂ ਲੈ ਆਈ
ਇਕ ਅੱਗ ਨੇਂ ਦੋ ਧੂੰਏ ਜੰਮੇ
ਦੂਜੀ ਛਾਣੇ-ਛਾਈ
ਤੀਜਾ ਵਾਂਡਾ ਕੰਨ ਪੜਵਾ ਕੇ
ਪਿੰਡ-ਪਿੰਡ ਅਲਖ਼ ਜਗਾਂਦਾ
  ਅੰਮੜੀਏ!ਮੈਂ ਅੱਗ ਦਾ ਇਕ ਵਾਂਡਾ।

'ਨੀਲ'
੦੨ ਅਕਤੂਬਰ, ੨੦੧੨.
(ਮੰਡੀ ਜਾਂਦਿਆਂ, ਬੱਸ ਅੰਦਰ).
 

No comments:

Post a Comment