ਵ੍ਹੇਲ ਮੱਛੀਆਂ
ਇਨਸਾਫ਼ ਦੇ ਸਮੁੰਦਰ ਵਿਚ ਤਰਦੀਆਂ
ਕਾਲੀਆਂ ਚਿੱਟੀਆਂ
ਵ੍ਹੇਲ ਮੱਛੀਆਂ
ਅਣਥੱਕ ਮੁਸ਼ੱਕਤ ਕਰਦੀਆਂ
ਕਦੀਂ ਪਾਣੀ ਦੀਆਂ ਧਾਰਾਵਾਂ ਨਾਲ ਜੂਝਦੀਆਂ
ਅਤੇ ਕਦੀਂ
ਸੋਧਾਂ ਵਰਗੀਆਂ ਛੱਲਾਂ ਨਾਲ ਅਟਖੇਲੀਆਂ ਕਰਦੀਆਂ
ਸਮੁੰਦਰ ਦੀ ਤਲੀ 'ਤੇ ਕੁਦਰਤੀਂ ਛਪੀਆਂ
ਕਾਨੂੰਨੀ ਕਿਤਾਬਾਂ ਨੂੰ ਪੜ੍ਹਨ ਲਈ
ਵਾਰੋ ਵਾਰ ਚੁੱਭੀਆਂ ਲਾਉਂਦੀਆਂ
ਰਾਤੀਂ ਚਿਰਕੇ ਤੀਕ ਜਾਗਦੀਆਂ
ਅਤੇ ਭਲਕੇ ਸੁੱਚੇ ਵੇਲੇ ਜਾਗਦੀਆਂ
ਤੱਥਾਂ ਨੂੰ ਪੜ੍ਹਚੌਲਦੀਆਂ
ਸਬੂਤਾਂ ਨੂੰ ਇਕੱਤਰ ਕਰਦੀਆਂ
ਲੰਮੇਰੀਆਂ ਚੁੱਭੀਆਂ ਤੋਂ ਬਾਅਦ
ਇਨਸਾਫ਼ ਦੇ ਸਮੁੰਦਰ ਉੱਪਰ ਪੁੱਜ ਕੇ
ਵਾਰੋ ਵਾਰ ਫੁੰਕਾਰਦੀਆਂ
ਸਾਹਾਂ ਦੀਆਂ ਹਵਾਵਾਂ ਨਾਲ
ਪਾਣੀ ਦੇ ਫੱਵਾਰੇ ਬਣਾਉਂਦੀਆਂ
ਅਤੇ ਉਨ੍ਹਾ ਫੱਵਾਰਿਆਂ ਰਾਹੀਂ
ਆਪੋ ਆਪਣੀਆਂ ਦਲੀਲਾਂ ਪੇਸ਼ ਕਰਦੀਆਂ
ਪੇਸ਼ੇਵਰ ਕਲਾ ਨਾਲ ਭਰਪੂਰ
ਅਤੇ ਸਲੀਕੇ ਨਾਲ ਮਾਰੀਆਂ
ਆਪੋ ਆਪਣੀਆਂ ਤਿੱਖ਼ੀਆਂ ਚੀਕਾਂ ਨੂੰ
ਸਹੀ ਜਤਲਾਉਂਦੀਆਂ
ਅਤੇ ਇਨਸਾਫ਼ ਦੇ ਸਮੁੰਦਰ ਨੂੰ
ਆਪੋ ਆਪਣੇ ਮੁਵੱਕਿਲ ਦੇ ਹੱਕ ਵਿਚ
ਫੈਸਲੇ ਸੁਣਾਉਣ ਲਈ ਉਕਸਾਉਂਦੀਆਂ
ਅਤੇ ਪੂਰਾ ਜ਼ੋਰ ਲਾਉਣ ਮਗ਼ਰੋਂ
ਇਨਸਾਫ਼ ਦੇ ਸਮੁੰਦਰ ਦੇ
ਠਹਿਰਾਵ ਭਰੇ ਫੈਸਲਿਆਂ ਦਾ
ਇੰਤਜ਼ਾਰ ਕਰਦੀਆਂ……
……ਫੈਸਲੇ ਸੁਣਨ ਮਗਰੋਂ
ਕੁਝ ਜਿੱਤ ਦੀ ਖ਼ੁਸ਼ੀ ਮਨਾਉਂਦੀਆਂ
ਅਤੇ ਕੁਝ ਹਾਰਨ ਮਗ਼ਰੋਂ
ਇਨਸਾਫ਼ ਦੇ ਮਹਾਂ-ਸਮੁੰਦਰ ਵੱਲ ਦਾ ਰੁਖ ਕਰਦੀਆਂ
ਇਨਸਾਫ਼ ਦੇ ਸਮੁੰਦਰ ਵਿਚ ਤਰਦੀਆਂ
ਕਾਲੀਆਂ ਚਿੱਟੀਆਂ
ਵ੍ਹੇਲ ਮੱਛੀਆਂ ।
'ਨੀਲ' (23 ਸਤੰਬਰ, 2014; ਦੁਪਹਿਰ ਵੇਲੇ)