ਲੋਕ ਸਭਾ ਚੋਣਾ-2024 ਦੀਆਂ ਤਿਆਰੀਆਂ ਹੋਈਆਂ ਸ਼ੁਰੂ
ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ, ਪੁਲਿਸ ਅਤੇ ਭਾਰਤੀ ਫੌਜ ਨੇ ਕੱਢਿਆ ਸਾਂਝਾ ਫ਼ਲ਼ੈਗ ਮਾਰਚ
ਸੰਗਰੂਰ (ਸੁਨੀਲ ਕੁਮਾਰ ਗੁੰਦ): ਭਾਰਤੀ ਚੌਣ ਕਮਿਸ਼ਨ ਵੱਲੋਂ ਲੋਕਸਭਾ ਚੋਣਾ-2024 ਦੀਆਂ ਤਾਰੀਖ਼ਾਂ ਦੇ ਸ਼ੈਡਿਊਲ ਏਲਾਨੇ ਜਾਣ ਦੇ ਨਾਲ ਹੀ ਚੌਣ ਜਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਸਬੰਧੀ ਸੁਰੱਖਿਆ ਇੰਤਜ਼ਾਮਾਂ ਦੀ ਤਿਆਰੀ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ‘ਤੇ, ਮਿਤੀ 01 ਅਪ੍ਰੈਲ, 2024 ਦੀ ਸਵੇਰ ਇਕ ਵਿਸ਼ਾਲ ਫ਼ਲੈਗ ਮਾਰਚ ਕੱਢਿਆ ਗਿਆ। ਪੰਜਾਬ ਪੁਲਿਸ ਅਤੇ ਭਾਰਤੀ ਸੇਨਾ ਦਾ ਇਹ ਜੁਆਇਂਟ ਫ਼ਲੈਗ ਮਾਰਚ ਸ਼ਹਿਰ ਦੇ ਮੇਨ ਬਜ਼ਾਰਾਂ ਵਿਚੋਂ ਲੰਘਿਆ।
ਹਾਲਾਂਕਿ ਪੰਜਾਬ ਵਿਚ ਚੋਣਾਂ ਤਕਰੀਬਨ 2 ਮਹੀਨੇ ਬਾਅਦ, 01 ਜੂਨ, ਦਿਨ ਸ਼ਨੀਵਾਰ ਨੂੰ ਹੋਣੀਆਂ ਨੀਯਤ ਹੋਈਆਂ ਹਨ ਪਰ ਸੁਰੱਖਿਆ ਦੇ ਇੰਤਜ਼ਾਮ ਪੁਖ਼ਤਾ ਕਰਨ ਲਈ ਪ੍ਰਸ਼ਾਸਨ ਵੱਲੋਂ ਕਮਰ ਕੱਸ ਲਈ ਗਈ ਹੈ, ਤਾਂ ਜੋ ਲੋਕਤੰਤਰ ਦਾ ਘਾਣ ਹੋਏੇ ਬਿਨਾ, ਪੰਜਾਬ ਵਿਚ ਚੋਣਾ ਅਮਨ ਅਤੇ ਸ਼ਾਂਤੀ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ, ਪੰਜਾਬ ਪੁਲਿਸ ਵੱਲੋਂ ਆਮ ਜਨਤਾ ਦੇ ਲਾਇਸੈਂਸੀ ਹਥਿਆਰਾਂ ਨੂੰ ਨੇੜੇ ਦੇ ਪੁਲਿਸ ਸਟੇਸ਼ਨ, ਜਾਂ ਅਧਿਕਾਰਿਤ ਅਸਲਾ ਏਜੰਸੀਆਂ ਕੋਲ ਆਰਜ਼ੀ ਤੌਰ ਤੇ ਜਮ੍ਹਾ ਕਰਵਾਉਣ ਦਾ ਕੰਮ ਵੀ ਪੂਰੀ ਮੁਸ਼ਤੈਦੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਸੰਗਰੂਰ ਵਿਚ ਅਮਨ ਬਹਾਲੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਇਨ੍ਹਾ ਕਦਮਾਂ ਦੀ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਲਈ ਸੰਗਰੂਰ ਪ੍ਰਸ਼ਾਸਨ, ਜਿਲ੍ਹਾ ਪੁਲਿਸ, ਅਤੇ ਭਾਰਤੀ ਸੇਨਾ ਵਧਾਈ ਦੇ ਪਾਤਰ ਹਨ। ਅਜਿਹੀਆਂ ਸਰਗਰਮੀਆਂ ਆਮ ਜਨਤਾ ਦੇ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ।
ਸੁਨੀਲ ਕੁਮਾਰ ਗੁੰਦ
ਸੰਗਰੂਰ (ਪੰਜਾਬ), ਭਾਰਤ
+91-94184-70707