ਕਹਾਣੀਆਂ ਵਿੱਚ ਗ਼ਜ਼ਲਾਂ ਵਰਗੀ ਰੋਚਕਤਾ ਭਰਦੀ ਹੈ ਪਵਿੱਤਰ ਕੌਰ ਮਾਟੀ
(ਮਿਤੀ 21.04.2018 ਨੂੰ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ 'ਸ਼ਾਹ ਰਗ ਤੋਂ ਵੀ ਨੇੜੇ' ਵਿਸੇਸ਼)
ਪਵਿੱਤਰ ਕੌਰ ਮਾਟੀ ਕਹਾਣੀ ਜਗਤ ਦਾ ਇਕ ਤੇਜੀ ਨਾਲ ਉੱਭਰਦਾ ਨਾਂ ਹੈ ਜਿਸ ਨੇਂ ਆਪਣੀਆਂ ਸਾਹਿਤਿਕ ਗਤਿਵਿਧਿਆਂ ਅਤੇ ਪ੍ਰਾਪਤੀਆਂ ਕਾਰਨ ਪੰਜਾਬ ਪ੍ਰਦੇਸ਼ ਦੀ ਮਿੱਟੀ ਨੂੰ ਵਧੇਰੇ ਪਵਿੱਤਰ ਕੀਤਾ ਹੈ। ਮਾਟੀ ਦੀਆਂ ਕਹਾਣੀਆਂ ਯਥਾਰਥ ਦੇ ਬਹੁਤ ਨਜ਼ਦੀਕ ਹਨ ਜੋ ਗ਼ਰੀਬਾਂ, ਮਜ਼ਲੂਮਾਂ ਅਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕਰਦੀਆਂ ਹਨ।
ਮਾਟੀ ਦੀ ਭਾਸ਼ਾ ਸਰਲ ਅਤੇ ਆਮ ਬੋਲ ਚਾਲ ਵਾਲੀ ਹੈ ਹੋ ਹਰ ਪਾਠਕ ਨੂੰ ਅਪਣੱਤ ਮਹਿਸੂਸ ਕਰਵਾਉਂਦੀ ਹੈ। ਜੇਕਰ ਉਸਦੀ ਸ਼ੈਲੀ ਦੀ ਗੱਲ ਕਰੀਏ ਤਾਂ ਉਸਦੀ ਸ਼ੈਲੀ ਹੋਰਾਂ ਕਹਾਣੀਕਾਰਾਂ ਨਾਲੋਂ ਵਿਲੱਖਣ ਹੈ। ਗੱਲ ਗੱਲ ਤੇ ਗਾਲ ਕੱਢਣਾਂ ਬਹੁਤੇ ਪੰਜਾਬੀਆਂ ਦਾ ਸੁਭਾਅ ਬਣ ਚੁੱਕਿਆ ਹੈ ਜਿਸਨੂੰ ਵਧੇਰੇ ਲੇਖਕ ਆਪਣੀਆਂ ਲਿਖ਼ਤਾਂ ਵਿਚ ਇਸ਼ਾਰੇ ਜਾਂ ਸੰਕੇਤ ਵਜੋਂ ਦਰਸਾਉਂਦੇ ਹਨ ਪਰ ਮਾਟੀ ਇਕ ਅਜਿਹੀ ਕਹਾਣੀਕਾਰ ਹੈ ਜੋ ਇਕ ਔਰਤ ਹੁੰਦਿਆਂ ਹੋਇਆਂ ਵੀ ਆਪਣੇ ਦਿਲ ਤੇ ਪੱਥਰ ਧਰ ਕੇ ਆਪਣੀਆਂ ਕਹਾਣੀਆਂ ਵਿਚ ਮਰਦ ਪਾਤਰਾਂ ਵੱਲੋਂ ਉਗਲੀਆਂ ਗਈਆਂ ਸਿੱਧੀਆਂ ਗਾਲਾਂ ਬੜੇ ਬੇਬਾਕ ਤਰੀਕੇ ਨਾਲ ਲਿਖ ਦਿੰਦੀ ਹੈ। ਉਸਦਾ ਇਹ ਮੰਨਾਣਾ ਹੈ ਕਿ ਉਸਦੀ ਇਸ ਬੇਬਾਕੀ ਦਾ ਵਿਰੋਧ ਕੇਵਲ ਉਹ ਵਿਅਕਤੀ ਹੀ ਕਰੇਗਾ ਜਿਸਨੇ ਕਦੀਂ ਵੀ ਕਿਸੇ ਔਰਤ ਦੀ ਮੌਜੂਦਗ਼ੀ ਵਿਚ ਮਾਂ, ਭੈਣ ਦੀ ਗਾਲ ਨਾ ਕੱਢੀ ਹੋਵੇ ਅਤੇ ਅਜਿਹੇ ਆਲੋਚਕਾਂ ਦੀ ਗਿਣਤੀ ਨਾ ਬਰਾਬਰ ਹੀ ਹੋਵੇਗੀ। ਲੇਖਿਕਾ ਇਹ ਵੀ ਸੋਚਦੀ ਹੈ ਕਿ ਜੇਕਰ ਪਾਠਕਾਂ ਨੂੰ ਗਾਲ ਪੜ੍ਹਨੀਂ ਚੰਗੀ ਨਹੀਂ ਲੱਗਦੀ ਤਾਂ ਜ਼ਰਾ ਸੋਚੋ ਕਿ ਔਰਤਾਂ ਨੂੰ ਅਸਲ ਜ਼ਿੰਗਗ਼ੀ ਵਿਚ ਗਾਲ ਸੁਣਨੀ ਕਿੰਨੀਂ ਬੁਰੀ ਲੱਗਦੀ ਹੋਵੇਗੀ? ਅਸਿੱਧੇ ਤਰੀਕੇ ਨਾਲ ਮਾਟੀ ਪੰਜਾਬੀ ਸਮਾਜ ਵਿਚ ਵਿਚਰਦੇ ਵੀਰਾਂ ਨੂੰ ਨਵੀਂ ਸੇਧ ਦੇ ਰਹੀ ਹੈ। ਮਾਟੀ ਆਪਣੀਆਂ ਕਹਾਣੀਆਂ ਵਿਚ ਤਰੰਨੁੰਮ 'ਚ ਗਾਈ ਜਾਣ ਵਾਲੀ ਗ਼ਜ਼ਲ ਵਰਗੀ ਰੋਚਕਤਾ ਪੈਦਾ ਕਰਦੀ ਜਾਪਦੀ ਹੈ। ਉਸਦੀਆਂ ਕਹਾਣੀਆਂ ਉਸਰੂ ਬਦਲਾਅ ਦੀਆਂ ਧੋਤਕ ਹਨ ਜਿਨ੍ਹਾ ਬਾਰੇ ਕਵੀ ਲਿਖਦਾ ਹੈ :
ਹਰਫ਼ ਤੇਰੇ ਬਦਲ ਕਰਦੇ ਪਏ ਨੇਂ
ਕਹਾਣੀ ਨੂੰ ਗ਼ਜ਼ਲ ਕਰਦੇ ਪਏ ਨੇਂ
ਸਾਲ 2016 ਵਿਚ ਮਾਟੀ ਦੀ ਪਲ੍ਹੇਠੀ ਕਹਾਣੀਆਂ ਦੀ ਕਿਤਾਬ 'ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ' ਪਾਠਕਾਂ ਦੀ ਕਚਿਹਿਰੀ ਵਿਚ ਆਈ ਸੀ ਜਿਸਨੂੰ ਹਰ ਪਾਠਕ ਨੇਂ ਸਰਾਹਿਆ ਕਿਉਂ ਜੋ ਇਸ ਕਿਤਾਬ ਰਾਹੀਂ ਮਾਟੀ ਨੇਂ ਮੱਧਵਰਗੀ ਅਤੇ ਨਿਮਨ ਵਰਗੀ ਲੋਕਾਂ ਨੂੰ ਦਰਪੇਸ਼ ਸਮਾਜਿਕ ਮੁਸ਼ਕਲਾਂ ਦਾ ਜ਼ਿਕਰ ਆਪਣੀਆਂ ਕਹਾਣੀਆਂ ਰਾਹੀਂ ਕੀਤਾ ਸੀ। ਉਸੇ ਲੜੀ ਨੂੰ ਅਗਾਂਹ ਵਧਾਉਂਦਿਆਂ, ਮਾਟੀ ਦਾ ਦੂਜਾ ਕਹਾਣੀ ਸੰਗ੍ਰਹਿ 'ਸ਼ਾਹ ਰਗ ਤੋਂ ਵੀ ਨੇੜੇ' ਮਿਤੀ 21 ਅਪ੍ਰੈਲ, 2018 ਨੂੰ ਪੰਜਾਬੀ ਭਵਨ ਲੁਧਿਆਣਾ ਦੀ ਗੋਦ 'ਚੋਂ ਪ੍ਰਕਾਸ਼ਿਤ ਹੋ ਕੇ ਮਾਟੀ ਦੀ ਕਹਾਣੀ ਕਲਾ ਨੂੰ ਇਕ ਵਾਰ ਫੇਰ ਪਾਠਕਾਂ ਦੀ ਕਚਿਹਿਰੀ ਵਿਚ ਹਾਜ਼ਰ ਕਰਦਾ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਡੂੰਘੇ ਅਰਥਾਂ ਨੂੰ ਚਿੱਤਰਦਾ ਟਾਈਟਲ ਉੱਘੇ ਸਮਾਜਿਕ ਵਿਸ਼ਿਆਂ ਦੇ ਚਿੱਤਰਕਾਰ ਸੈਲੀ ਬਲਵਿੰਦਰ ਵੱਲੋਂ ਤਿਆਰ ਕੀਤਾ ਗਿਆ ਹੈ।
22ਵੇਂ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਇਨਾਮੀ ਕਹਾਣੀ ਮੁਕਾਬਲਾ-2018 ਵਿਚ ਮੁਕਾਬਲੇ ਵਜੋਂ ਪੁੱਜੀਆਂ 34 ਕਹਾਣੀਆਂ ਵਿੱਚੋਂ ਮਾਟੀ ਦੀ ਕਹਾਣੀ 'ਸ਼ਾਇਦ ਦਿਨ ਚੜ੍ਹ ਜਾਂਦਾ' ਨੇਂ ਦੂਜੇ ਇਨਾਮ ਤੇ ਆਪਣੀ ਸਰਦਾਰੀ ਕਾਇਮ ਕੀਤੀ ਅਤੇ ਇਹ ਨਤੀਜਾ ਕਹਾਣੀਕਾਰਾ ਦੀ ਪ੍ਰਤਿਭਾ ਦੀ ਗਵਾਹੀ ਆਪ ਮੁਹਾਰੇ ਭਰਦਾ ਹੈ ਅਤੇ ਇਕ ਐਲਾਨ ਵੀ ਕਰਦਾ ਹੈ ਕਿ ਉਸਦਾ ਨਵਾਂ ਕਹਾਣੀ ਸੰਗ੍ਰਹਿ ਵੀ ਪਾਠਕਾਂ ਦੇ ਦਿਲਾਂ ਨੂੰ ਟੁੰਭਦਾ ਹੋਇਆ ਕਹਾਣੀ ਜਗਤ ਦੀਆਂ ਬੁਲੰਦੀਆਂ ਨੂੰ ਛੁਹੇਗਾ।
ਸੁਨੀਲ ਕੁਮਾਰ ਨੀਲ
+91-94184-70707
NannuNeeL77@gmail.com