" ਨਹੀਂ ਰਹੇ ਮਿਜ਼ਾਇਲ ਮੈਨ ਡਾਕਟਰ ਕਲਾਮ "
27 ਜੁਲਾਈ 2015 ਦੀ ਦੇਰ ਸ਼ਾਮ ਵੇਲੇ ਭਾਰਤ-ਪਾਕਿਸਤਾਨ ਬਾਰਡਰ ਤੋਂ ਲਗਭਗ 17 ਕਿਲੋਮੀਟਰ ਸਥਿਤ ਦੀਨਾਨਗਰ (ਜਿਲ੍ਹਾ ਗੁਰਦਾਸਪੁਰ, ਪੰਜਾਬ) ਵਿਖੇ ਆਤਮਘਾਤੀ ਉਗਰਵਾਦੀਆਂ ਨਾਲ ਦਿਨਭਰ ਤਕਰੀਬਨ 11 ਘੰਟੇ ਚੱਲੀ ਪੰਜਾਬ ਪੁਲਿਸ ਅਤੇ ਭਾਰਤੀ ਫੋਜ ਦੀ ਜੱਦੋ ਜਹਿਦ ਹਾਲੇ ਰੁਕੀ ਹੀ ਸੀ ਕਿ ਅਚਾਨਕ ਇਹ ਹੋਰ ਮੰਦਭਾਗੀ ਖ਼ਬਰ ਆ ਗਈ ਕਿ ਭਾਰਤ ਦੇ 11ਵੇਂ ਰਾਸ਼ਟਰਪਤੀ, ਮਿਜ਼ਾਇਲ ਮੈਨ, ਭਾਰਤ ਰਤਨ, ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਨਹੀਂ ਰਹੇ।
ਅਵੁਲ ਪਕਿਰ ਜਇਨੁਲਾਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਭਾਰਤ ਦੇ ਤਾਮਿਲਨਾਡੂ ਰਾਜ ਦੇ ਰਾਮੇਸ਼ਵਰਮ ਵਿਖੇ 19ਵੀਂ ਸਦੀ 'ਚ ਬਣੇ ਜੱਦੀ ਮਕਾਨ ਵਿਚ ਹੋਇਆ। ਆਪ ਦੇ ਪਿਤਾ ਇਕ ਮਿਹਨਤੀ ਅਤੇ ਉਚੇਰੀ ਸੋਚ ਰੱਖਣ ਵਾਲੇ ਸੂਝਵਾਨ ਵਿਅਕਤੀ ਸਨ ਅਤੇ ਮਾਂ ਸੱਚਾਈ ਅਤੇ ਆਧਿਆਤਮ ਵਿਚ ਯਕੀਨ ਰੱਖਣ ਵਾਲੀ ਔਰਤ ਸੀ। ਇਨ੍ਹਾ ਦੋਹਾਂ ਦੀ ਸੋਚ ਦਾ ਆਪ ਜੀ ਦੇ ਸੰਪੂਰਣ ਜੀਵਨ ਵਿਚ ਗਹਿਰਾ ਅਤੇ ਉਚੇਚ ਭਰਿਆ ਪ੍ਰਭਾਵ ਰਿਹਾ। ਪ੍ਰੀਵਾਰਕ ਆਦਿ ਹਾਲਾਤਾਂ ਕਾਰਣ ਆਪ ਦਾ ਵਿਆਹ ਨਹੀਂ ਸੀ ਹੋਇਆ ਅਤੇ ਆਪ ਨੇਂ ਇਕੱਲਿਆਂ ਜੀ ਜੀਵਨ ਦਾ ਸਾਦਗ਼ੀ ਭਰਿਆ ਸਫਰ ਸਰ ਕੀਤਾ। ਆਪ ਸਾਦੇ ਰਹਿਣ ਸਹਿਣ ਅਤੇ ਉੱਚੀ ਸੋਚ ਦੇ ਮਾਲਕ ਸੀ ਜਿਸਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਲਗਭਗ ਵੀਹ ਵਰ੍ਹਿਆਂ ਤੀਕ ਆਪ ਤਿਰੂਵਨੰਤਪੁਰਮ ਦੇ ਇਕ ਸਾਦੇ ਜਿਹੇ ਢਾਬੇ 'ਤੇ ਹੀ ਖਾਣਾ ਖਾਉਂਦੇ ਰਹੇ।
ਜ਼ਿਕਰਯੋਗ ਹੈ ਆਪ ਦੇ ਜਨਮ ਸਥਾਨ ਰਾਮੇਸ਼ਵਰਮ ਦਾ ਪ੍ਰਾਚੀਨ ਸ਼ਿਵ ਮੰਦਿਰ ਆਪ ਦੇ ਘਰ ਤੋਂ ਕੁਝ ਹੀ ਦੂਰੀ ਤੇ ਸਥਿਤ ਸੀ। ਉਸ ਮੰਦਿਰ ਦੇ ਪੁਜਾਰੀ ਆਪ ਦੇ ਪਿਤਾ ਦੇ ਬੜੇ ਗੂੜ੍ਹੇ ਮਿੱਤਰ ਸਨ ਅਤੇ ਇਸ ਮੰਦਰ ਦੀ ਮੂਰਤੀ ਨੂੰ ਕਿਸ਼ਤੀ ਰਾਹੀਂ ਲਿਆਉਣ, ਲਿਜਾਉਣ ਦਾ ਕੰਮ ਪੁਸ਼ਤੈਨੀ ਤੌਰ ਤੇ ਆਪ ਦੇ ਪ੍ਰੀਵਾਰ ਵੱਲੋਂ ਹੀ ਨੇਪਰੇ ਚਾੜ੍ਹਿਆ ਜਾਂਦਾ ਸੀ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਕੁਝ ਕਾਰਣਾ ਕਰਕੇ ਇਹ ਹੱਕ ਆਪ ਦੇ ਪ੍ਰੀਵਾਰ ਕੋਲੋਂ ਵਪਿਸ ਲੈ ਲਿਆ ਗਿਆ।
ਕਿਉਂ ਜੋ ਆਪ ਇਕ ਮਿਹਨਤਕਸ਼ ਅਤੇ ਸਾਦੇ ਪ੍ਰੀਵਾਰ ਨਾਲ ਸਬੰਧ ਰੱਖਦੇ ਸੀ, ਸੋ ਰਾਮਨਾਥਪੁਰਮ ਸ਼ਵਾਰਟਜ਼ ਮੈਟ੍ਰਿਕ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਮਿਹਨਤ ਕਰਕੇ ਰੋਜ਼ੀ ਕਮਾਉਣਾ ਆਪ ਜੀ ਦੇ ਖ਼ੂਨ ਵਿਚ ਹੀ ਸ਼ੁਮਾਰ ਸੀ। ਆਪ ਜਦੋਂ 8-9 ਸਾਲ ਦੇ ਹੀ ਸੀ ਤਾਂ ਸ਼ਮਸੂਦੀਨ ਨਾਮ ਦੇ ਸ਼ਖ਼ਸ, ਜੋ ਕਿ ਅਖ਼ਬਾਰਾਂ ਲਿਆਉਣ ਅਤੇ ਪਹੁੰਚਾਉਣ ਦਾ ਕੰਮ ਕਰਦਾ ਸੀ, ਦੇ ਨਾਲ ਰਲ੍ਹ ਕੇ ਚਲਦੀ ਰੇਲ-ਗੱਡੀ 'ਤੋਂ ਸੜਕ 'ਤੇ ਸੁੱਟੇ ਗਏ ਤਾਜ਼ਾ ਅਖ਼ਬਾਰਾਂ ਦੇ ਗੁਛਿਆਂ ਨੂੰ ਚੁਕਣ ਦਾ ਅਤੇ ਅਖ਼ਬਾਰਾਂ ਵੰਡਣ ਦਾ ਕੰਮ ਕੀਤਾ ਜਿਸ ਤੋਂ ਆਪ ਨੇਂ ਆਪਣੇ ਜੀਵਨ ਕਾਲ ਦੀ ਪਹਿਲੀ ਕਮਾਈ ਹਾਸਲ ਕੀਤੀ ਅਤੇ ਆਪਣੇ ਪਿਤਾ ਦੀ ਕਮਾਈ ਵਿਚ ਯੋਗਦਾਨ ਵੀ ਪਾਇਆ। ਇਸ ਤੋਂ ਮਗਰੋਂ ਆਪ ਨੇਂ ਸੈਂਟ ਜੋਜ਼ਫ ਕਾਲਿਜ, ਤ੍ਰਿਚੁਰਾਪੱਲੀ ਵਿਚ ਦਾਖ਼ਿਲਾ ਲਿਆ ਅਤੇ ਉਸ ਤੋਂ ਮਗਰੋਂ ਸਨ 1954 ਵਿਚ ਮਦਰਾਸ ਯੂਨੀਵਰਸਿਟੀ ਵਿਚੋਂ ਫਿਜ਼ਿਕਸ ਵਿਸ਼ਿਆਂ ਵਿਚ ਗ੍ਰੈਜੁਏਸ਼ਨ ਦੀ ਡਿਗਰੀ ਹਾਸਿਲ ਕੀਤੀ। 1955 ਵਿਚ ਆਪ ਏਅਰੋਸਪੇਸ ਇੰਜੀਨੀਰਿੰਗ ਦੀ ਪੜ੍ਹਾਈ ਕਰਨ ਲਈ ਮਦਰਾਸ ਚਲੇ ਗਏ। ਲੜਾਕੂ ਵਿਮਾਨਾਂ ਦਾ ਪਾਇਲਟ ਬਣਨ ਦਾ ਆਪ ਦਾ ਸੁਫਨਾ ਉਸ ਵੇਲੇ ਪੂਰਾ ਨਾ ਹੋ ਸਕਿਆ ਜਦੋਂ ਆਪ ਨੇਂ ਇਸ ਲਈ ਇਲਮੀ ਦੌੜ ਵਿਚ ਨੋਵਾਂ ਸਥਾਨ ਹਾਸਿਲ ਕੀਤਾ ਜਦੋਂ ਕਿ ਚੋਣ ਕੇਵਲ ਅੱਠਵੇਂ ਸਥਾਨ ਤੱਕ ਵਾਲੇ ਮੁਕਾਬਲਚੀਆਂ ਦੀ ਹੀ ਹੋਈ ਸੀ।
1960 ਵਿਚ ਆਪ ਨੇਂ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੀ ਇਕਾਈ ਏਅਰੋਨੋਟਿਕਲ ਡਿਵੈਲਪਮੈਂਟ ਏਸਟੇਬਲਿਸ਼ਮੈਂਟ ਵਿਖੇ ਇਕ ਵਿਗਿਆਨਿਕ ਵਜੋਂ ਕਾਰਜਭਾਰ ਸੰਭਾਲਿਆ। ਆਪ ਨੇਂ ਡਾਕਟਰ ਵਿਕਰਮ ਸਾਰਾਭਾਈ ਜੋ ਕਿ ਇਕ ਉੱਘੇ ਪੁਲਾੜ ਵਿਗਿਆਨੀ ਸਨ ਦੀ ਰਹਿਨੁਮਾਈ ਵਿਚ ਕੰਮ ਕੀਤਾ ਅਤੇ ਆਪ ਜੀ ਦੀ ਵਿਲੱਖਣ ਕਾਰਜਪ੍ਰਣਾਲੀ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਹੀ ਉਨ੍ਹਾ ਦੀ ਸਿਫਾਰਿਸ਼ ਸਦਕਾ ਆਪ ਜੀ ਨੂੰ ਸਪੇਸ ਲਾਂਚ ਵਹੀਕਲ (ਐਸ. ਐਲ. ਵੀ.) ਪ੍ਰੋਜੈਕਟ ਦਾ ਪ੍ਰੋਜੈਕਟ ਮੈਨੇਜਰ ਬਣਾਇਆ ਗਿਆ। ਆਪ ਜੀ ਨੇਂ ਭਾਰਤ ਦੇਸ਼ ਦੀ ਮਿਨਿਸਟਰੀ ਆਫ ਡਿਫੈਂਸ ਵਿਚ ਇਕ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ।
1998 ਵਿਚ ਵੇਲੇ ਦੇ ਪ੍ਰਧਾਨ ਮੰਤਰੀ ਨੇਂ ਪ੍ਰਮਾਣੂ ਮਿਜ਼ਾਇਲ ਪ੍ਰੀਖ਼ਣ ਦਾ ਸੁਫਨਾ ਉਲੀਕਿਆ ਸੀ ਜਿਸਨੂੰ ਆਪ ਦੀ ਅਣਥੱਕ ਮਿਹਨਤ ਅਤੇ ਲਗਨ ਨੇਂ ਪੋਖਰਨ ਪ੍ਰਮਾਣੂ ਮਿਜ਼ਾਇਲ ਟੈਸਟ ਨੂੰ ਸਫਲ ਬਣਾ ਕੇ ਮਿਤੀ 11 ਮਈ 1999 ਨੂੰ ਸਾਕਾਰ ਕੀਤਾ ਅਤੇ ਭਾਰਤ ਦਾ ਨਾਮ ਇਕ ਤਾਕਤ ਵਜੋਂ ਪੂਰੀ ਦੁਨੀਆਂ ਵਿਚ ਗੂੰਜ ਗਿਆ।
1998 ਵਿਚ ਵੇਲੇ ਦੇ ਪ੍ਰਧਾਨ ਮੰਤਰੀ ਨੇਂ ਪ੍ਰਮਾਣੂ ਮਿਜ਼ਾਇਲ ਪ੍ਰੀਖ਼ਣ ਦਾ ਸੁਫਨਾ ਉਲੀਕਿਆ ਸੀ ਜਿਸਨੂੰ ਆਪ ਦੀ ਅਣਥੱਕ ਮਿਹਨਤ ਅਤੇ ਲਗਨ ਨੇਂ ਪੋਖਰਨ ਪ੍ਰਮਾਣੂ ਮਿਜ਼ਾਇਲ ਟੈਸਟ ਨੂੰ ਸਫਲ ਬਣਾ ਕੇ ਮਿਤੀ 11 ਮਈ 1999 ਨੂੰ ਸਾਕਾਰ ਕੀਤਾ ਅਤੇ ਭਾਰਤ ਦਾ ਨਾਮ ਇਕ ਤਾਕਤ ਵਜੋਂ ਪੂਰੀ ਦੁਨੀਆਂ ਵਿਚ ਗੂੰਜ ਗਿਆ।
ਆਪ ਜੀ ਦੀ ਰਹਿਨੁਮਾਈ ਵਿਚ ਵਿਗਿਆਨਿਕਾਂ ਦੀ ਟੀਮ ਨੇਂ ਨਾ ਸਿਰਫ ਬੈਲਿਸਟਿਕ ਮਿਜ਼ਾਇਲ ਅਗਨੀ ਆਦਿ ਨੂੰ ਈਜ਼ਾਦ ਕੀਤਾ ਬਲਕਿ ਆਪ ਜੀ ਦੀ ਡੂੰਘੀ ਅਤੇ ਉਸਾਰੂ ਸੋਚ ਨੇਂ ਅਗਨੀ ਮਿਜ਼ਾਇਲ ਵਿਚ ਉਪਯੋਗ ਹੋਣ ਵਾਲੇ ਕਾਰਬਨ-ਕਾਰਬਨ ਪਦਾਰਥ ਤੋਂ ਅੰਗਹੀਣਾ ਦੇ ਨਕਲੀ ਅੰਗ ਵੀ ਤਿਆਰ ਕੀਤੇ ਜੋ ਕਿ ਬੇਹਦ ਹਲਕੇ ਅਤੇ ਉਪਯੋਗ ਵਿਚ ਕਾਫੀ ਆਰਾਮਦਾਇਕ ਸਾਬਿਤ ਹੋਇ। ਇੱਥੇ ਹੀ ਬਸ ਨਹੀਂ, ਬਲਕਿ ਮਰੀਜ਼ਾਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਦਵਾਉਣ ਲਈ ਪਨਡੁੱਬੀਆਂ ਵਿਚ ਇਸਤੇਮਾਲ ਹੋਣ ਵਾਲੇ ਪਦਾਰਥਾਂ 'ਤੋਂ ਦਿਲ ਦੀਆਂ ਨਾੜੀਆਂ ਸੁੰਗਣਨ ਦੀ ਹਾਲਤ ਤੋਂ ਬਚਾਉਣ ਲਈ ਸਟੰਟ (ਛੱਲਿਆਂ) ਦਾ ਨਿਰਮਾਣ ਕੀਤਾ ਜਿਸ ਨਾਲ ਦਿਲ ਦੇ ਰੋਗੀਆਂ ਦੇ ਆਪਰੇਸ਼ਨ ਦਾ ਖ਼ਰਚਾ ਉਸ ਵੇਲੇ ਦੇ ਲਗਭਗ 75000 ਰੁਪਏ ਤੋਂ ਘਟ ਕੇ ਸਿਰਫ 5000 ਰੁਪਏ ਹੀ ਰਹਿ ਗਿਆ।
ਜਵਾਨੀ ਵੇਲੇ ਆਪ ਬੇ-ਸ਼ਕ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਪਰ ਇਹ ਇਕ ਵਿਡੰਬਨਾ ਹੀ ਰਹੀ ਕਿ ਭਾਰਤ ਨੂੰ ਬੁਲੰਦੀਆਂ ਦੀ ਰਾਹ ਤੇ ਅਗਾਂਹ ਵਧਾਉਣ ਸਦਕਾ ਹੀ ਸਨ 2002 ਵਿਚ ਵੇਲੇ ਦੇ ਪ੍ਰਧਾਨਮੰਤਰੀ ਦੀ ਰਾਜਨੀਤਿਕ ਪਾਰਟੀ ਨੇਂ ਹੀ ਆਪ ਦਾ ਨਾਮ ਭਾਰਤ ਦੇ ਰਾਸ਼ਟਰਪਤੀ ਵਜੋਂ ਸੁਝਾਇਆ। ਕਮਾਲ ਦੀ ਗੱਲ ਇਹ ਰਹੀ ਕਿ ਵੇਲੇ ਦੀ ਵਿਰੋਧੀ ਧਿਰ ਦੀ ਰਾਜਨੀਤਿਕ ਪਾਰਟੀ ਨੇਂ ਵੀ ਆਪ ਦੇ ਨਾਂ ਦਾ ਹੀ ਨਿਰਵਿਰੋਧ ਸਮਰਥਨ ਕੀਤਾ ਅਤੇ ਸਿੱਟੇ ਵਜੋਂ ਆਪ ਭਾਰਤ ਰਾਸ਼ਟਰ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ। ਆਪ ਨੇਂ ਸਨ 2002 ਤੋਂ 2007 ਤੱਕ ਭਾਰਤ ਦੇਸ਼ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।
ਭਾਰਤ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਉਪਰੰਤ ਆਪ ਨੇਂ ਰਾਜਨੀਤੀ ਤੋਂ ਦੂਰ ਰਹਿ ਕੇ ਭਾਰਤ ਦੀ ਸੇਵਾ ਕਰਨ ਦਾ ਮਨ ਬਣਾਇਆ ਅਤੇ ਅਨੇਕਾਂ ਹੀ ਕਾਲਜਾਂ, ਵਿਸ਼ਵ-ਵਿਦਿਆਲਿਆਂ ਵਿਚ ਇਕ ਪ੍ਰੋਫੈਸਰ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਲੈਕਚਰ ਕੀਤੇ ਜੋ ਕਿ ਨੋਜਵਾਨਾ ਵਿਚ ਉਤਸ਼ਾਹ, ਲਗਨ ਅਤੇ ਆਤਮ ਵਿਸ਼ਵਾਸ ਭਰਨ ਲਈ ਬਹੁਤ ਕਾਰਗਰ ਉਪਰਾਲਾ ਬਣੇ।
ਆਪ ਦੇ ਜੀਵਨ ਕਾਲ ਵਿਚ ਵੱਖ ਵੱਖ ਪੜਾਵਾਂ ਤੇ ਆਪ ਦੀਆਂ ਸੇਵਾਵਾਂ ਨੂੰ ਸਰਾਹੁੰਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਆਪ ਨੂੰ ਸਨ 1981 ਵਿਚ ਪਦਮ ਭੂਸ਼ਣ, ਸਨ 1990 ਵਿਚ ਪਦਮ ਵਿਭੂਸ਼ਣ, ਸਨ 1997 ਵਿਚ ਭਾਰਤ ਰਤਨ, ਆਦਿ ਸਨਮਾਨਾ ਨਾਲ ਸਰਾਹਿਆ ਗਿਆ। ਇਸ ਤੋਂ ਇਲਾਵਾ ਵਿਦੇਸ਼ਾਂ ਦੀਆਂ ਸੰਸਥਾਵਾਂ ਨੇਂ ਵੀ ਆਪ ਜੀ ਨੂੰ ਅਨੇਕ ਸਨਮਾਨ ਸੋਂਪੇ ਜਿਨ੍ਹਾਂ ਵਿਚੋਂ ਸਨ 2009 ਵਿਚ ਕੈਲੀਫੋਰਨੀਆਂ ਇੰਸਟੀਚਿਊਟ ਆਫ ਟੈਕਨੋਲਾਜੀ, ਅਮਰੀਕਾ ਵਲੋਂ ਇੰਟਰਨੈਸ਼ਨਲ ਵੋਨਕਰਮਾ ਵਿੰਗਸ ਸਨਮਾਨ ਅਤੇ ਸਨ 2014 ਵਿਚ ਏਡਿਨਬਰਗ ਵਿਸ਼ਵਵਿਦਿਆਲਾ, ਯੂਨਾਇਟੇਡ ਕਿੰਗਡਮ ਵੱਲੋਂ ਡਾਕਟਰ ਆਫ ਸਾਇੰਸ ਸਨਮਾਨ ਪ੍ਰਮੁੱਖ ਹਨ।
ਆਪ ਨਾ ਸਿਰਫ ਇਕ ਵਿਗਿਆਨਿਕ ਸੀ ਸਗੋਂ ਇਕ ਉੱਘੈ ਲਿਖਾਰੀ ਵਜੋਂ ਵੀ ਜਗਤ ਪ੍ਰਸਿੱਧ ਸੀ। ਆਪ ਜੀ ਨੇਂ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਜਿਨ੍ਹਾ ਵਿਚੋਂ "ਵਿੰਗਜ਼ ਆਫ ਫਾਇਰ" ਕਾਫੀ ਮਸ਼ਹੂਰ ਪੁਸਤਕ ਹੈ ਜੋ ਕਿ ਆਪ ਦੀ ਆਤਮਕਥਾ ਉਪਰ ਆਧਾਰਿਤ ਪੁਸਤਕ ਹੈ।
ਆਪ ਦੀਆਂ ਅਨੇਕ ਸਿੱਖਿਆਵਾਂ ਆਉਣ ਵਾਲੀਆਂ ਅਨੇਕਾਂ ਹੀ ਪੀੜ੍ਹੀਆਂ ਨੂੰ ਤਾਰਦੀਆਂ ਰਹਿਣਗੀਆਂ। ਆਪ ਦੀ ਉਸਾਰੂ, ਜੁਝਾਰੂ ਅਤੇ ਸਟੀਕ ਸੋਚ ਨੂੰ ਦਰਸਾਉਣ ਵਾਲੀ ਆਪ ਦੀ ਇਕ ਵਿਚਾਰਧਾਰਾ ਜਗਤ ਪ੍ਰਸਿੱਧ ਹੈ ਜੋ ਕਿ ਇਸ ਤਰ੍ਹਾਂ ਹੈ:
ਆਪ ਦੀਆਂ ਅਨੇਕ ਸਿੱਖਿਆਵਾਂ ਆਉਣ ਵਾਲੀਆਂ ਅਨੇਕਾਂ ਹੀ ਪੀੜ੍ਹੀਆਂ ਨੂੰ ਤਾਰਦੀਆਂ ਰਹਿਣਗੀਆਂ। ਆਪ ਦੀ ਉਸਾਰੂ, ਜੁਝਾਰੂ ਅਤੇ ਸਟੀਕ ਸੋਚ ਨੂੰ ਦਰਸਾਉਣ ਵਾਲੀ ਆਪ ਦੀ ਇਕ ਵਿਚਾਰਧਾਰਾ ਜਗਤ ਪ੍ਰਸਿੱਧ ਹੈ ਜੋ ਕਿ ਇਸ ਤਰ੍ਹਾਂ ਹੈ:
"ਸੁਫਨਾ ਉਹ ਨਹੀਂ ਹੁੰਦਾ ਜੋ ਤੁਸੀਂ ਨੀਂਦ ਵਿਚ ਤੱਕਦੇ ਹੋ, ਅਸਲ ਸੁਫਨਾ ਤਾਂ ਉਹ ਹੁੰਦਾ ਹੈ ਜਿਸ ਨੂੰ ਵੇਖ ਲਈਏ ਤਾਂ ਉਹ ਨੀਂਦ ਹੀ ਨਹੀਂ ਆਉਣ ਦਿੰਦਾ"
ਆਪ ਇਕ ਅਣਥੱਕ ਦੇਸ਼-ਸੇਵਕ ਸੀ ਤਾਹੀਓਂ ਹੀ 83 ਤੋਂ ਵੀ ਵੱਧ ਵਰ੍ਹਿਆਂ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਵੀ, ਆਪਣੇ ਜੀਵਨ ਦੇ ਅੰਤਿਮ ਦਿਨ 27 ਜੁਲਾਈ, 2015, ਦਿਨ ਸੋਮਵਾਰ ਨੂੰ ਵੀ ਆਪ ਇਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.), ਸ਼ਿਲਾਂਗ ਵਿਖੇ ਵਿਦਿਆਰਥੀਆਂ ਸਾਹਵੇਂ ਇਕ ਪ੍ਰੌਫੈਸਰ ਵਜੋਂ ਖੜੇ ਹੋ ਕੇ ਲੈਕਚਰ ਹੀ ਦੇ ਰਹੇ ਸੀ ਜਦੋਂ ਆਪ ਨੂੰ ਦਿਲ ਦੇ ਦੌਰੇ ਦੀ ਤਕਲੀਫ਼ ਮਹਿਸੂਸ ਹੋਈ ਅਤੇ ਆਪ ਲੈਕਚਰ ਦਿੰਦਿਆਂ ਹੋਇਆਂ ਹੀ ਅਚਾਨਕ ਮੰਚ ਉੱਤੇ ਹੀ ਗਿਰ ਗਏ। ਆਪ ਜੀ ਨੂੰ ਸ਼ਿਲਾਂਗ ਦੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਜ਼ੇਰੇ ਇਲਾਜ ਹੋਇਆਂ ਆਪ ਨੇਂ ਆਪਣੇ ਆਖਿਰੀ ਸਾਂਹ ਲਏ।
ਆਪ ਦੀ ਵਿਲੱਖਣ ਕਾਰਜ ਪ੍ਰਣਾਲੀ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਹੀ ਭਾਰਤ ਸਰਕਾਰ ਵੱਲੋਂ ਸੱਤ ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ।
ਆਪ ਦਾ ਇਕ ਮਹੱਤਵਪੂਰਣ ਸੁਫ਼ਨਾ ਸੀ ਕਿ ਭਾਰਤ ਦੇਸ਼ ਸਨ 2020 ਤੱਕ ਇਕ ਵਿਸ਼ਾਲ ਤਾਕਤ ਅਤੇ ਆਤਮ ਨਿਰਭਰਤਾ ਨਾਲ ਭਰਪੂਰ, ਸਮਰੱਥ ਅਤੇ ਸੰਪੂਰਣ ਦੇਸ਼ ਵਜੋਂ ਜਾਣਿਆ ਜਾਵੇ। ਆਪ ਇਸ ਟੀਚੇ ਦੇ ਪੂਰਾ ਹੋਣ ਤੋਂ ਪੰਜ ਕੂ ਵਰ੍ਹੇ ਪਹਿਲਾਂ ਹੀ ਸ਼ਰੀਰ ਤਿਆਗ ਚੁੱਕੇ ਹੋਂ। ਸੋ ਹੁਣ ਸਾਡੀ ਸਾਰੇ ਭਾਰਤਵਾਸੀਆਂ ਦੀ ਆਪ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸਾਰੇ ਆਪ ਦੇ ਇਸ ਸੁਫ਼ਨੇਂ ਨੂੰ ਆਪਣੇ ਸੁਫ਼ਨੇਂ ਵਜੋਂ ਇਸ ਸ਼ਿੱਦਤ ਨਾਲ ਤੱਕੀਏ ਕਿ ਇਸਦੇ ਪੂਰਾ ਹੋਣ ਤੀਕ ਸਾਨੂੰ, ਸਾਰੇ ਭਾਰਤਵਾਸੀਆਂ ਨੂੰ ਨੀਂਦ ਹੀ ਨਾ ਆਵੇ, ਤਾਂ ਜੋ ਆਪ ਦਾ ਇਹ ਸੁਫ਼ਨਾ ਜਰੂਰ ਪੂਰਾ ਹੋਵੇ। ……ਆਮੀਨ!
ਸੁਨੀਲ ਕੁਮਾਰ 'ਨੀਲ'
(ਸੰਗਰੂਰ, ਪੰਜਾਬ, ਭਾਰਤ)
+91-94184-70707