ਹਿਰਸ ਭਰਿਆ ਸੇਕ
ਅੱਗ ਭਾਵੇਂ ਆਪਣੇ ਘਰੀਂ ਲੱਗੀ ਹੋਵੇ ਜਾਂ ਗੁਆਂਢ ਵਿਚ, ਸੇਕ ਤਾਂ ਜਰੂਰ ਸਤਾਉਂਦਾ ਹੀ ਹੈ। ਤੇ ਜੇਕਰ ਗੁਆਂਢ ਵਿਚ ਵੀ ਆਪਣੇ ਹੀ ਸ਼ਰੀਕੇ-ਕਬੀਲੇ ਦੇ ਲੋਕ ਰਹਿੰਦੇ ਹੋਣ ਤਾਂ ਇਹ ਸੇਕ ਕੁਝ ਹੋਰ ਵੀ ਤਕਲੀਫਦੇਅ ਹੋ ਜਾਂਦਾ ਹੈ। ਇਸ ਤੋਂ ਵੀ ਉਪਰ ਜੇਕਰ ਗੁਆਂਢ ਵਿਚ ਆਪਣੇ ਹੀ ਪ੍ਰੀਵਾਰ ਦੇ ਜੀਅ ਵੱਸਦੇ ਹੇਣ ਤਾਂ ਇਹ ਸੇਕ ਆਪਣੀਆਂ ਆਂਦਰਾਂ ਤੀਕ ਪਹੁੰਚਦਾ ਹੈ ਅਤੇ ਰੂਹਾਂ ਨੂੰ ਧੁਰ ਅੰਦਰ ਤੀਕ ਝਿੰਜੋੜਦਾ ਹੈ।ਇਹ ਸੇਕ ਬੇਸ਼ਕ ਸਾੜਦਾ ਨਹੀਂ ਪਰ ਅੰਦਰੋ-ਅੰਦਰੀਂ ਧੁਖਾਉਂਦਾ ਜ਼ਰੂਰ ਰਿਹੰਦਾ ਹੈ।ਇਹ ਰੂਹਾਨੀ ਅਸੂਲ ਸਿਰਫ ਗਲੀਆਂ-ਮੁਹੱਲਿਆਂ ਤੀਕ ਹੀ ਸੀਮਿਤ ਨਹੀਂ ਸਗੋਂ ਇਹ ਦੇਸ਼ਾਂ-ਵਿਦੇਸ਼ਾਂ 'ਤੇ ਵੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਲਾਗੂ ਹੁੰਦਾ ਹੈ ਅਤੇ ਢੁਕਵਾਂ ਵੀ ਬੈਠਦਾ ਹੈ। ਆਪਣਾ ਭਾਰਤ-ਦੇਸ਼ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਇਕ ਧਰਮ-ਨਿਰਪੱਖ ਦੇਸ਼ ਹੈ। ਇਹੋ ਇਸ ਦੀ ਵਿਲੱਖਣ ਪਹਿਚਾਣ ਹੈ ਅਤੇ ਇਹੋ ਇਸ ਦਾ ਦੀਨ-ਈਮਾਨ ਵੀ। ਕਣਕ ਵਿਚ ਘੁਣ ਬੇਸ਼ਕ ਹੋ ਸਕਦਾ ਹੈ ਪਰ ਅਸਲੀਅਤ ਹੈ ਕਿ ਇਹ ਕਣਕ ਸਾਰੀ ਦੀ ਸਾਰੀ ਘੁਣ-ਮਾਰੀ ਨਹੀਂ ਹੈ। ਅੱਜ ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿਚ ਜੋ ਹੋ ਰਿਹਾ ਹੈ ਉਸ ਮੁਤਾਬਿਕ ਜੇਕਰ ਭਾਰਤ ਦੀ ਮੌਜੂਦਾ ਸਥਿਤੀ ਨੂੰ ਤੁਲਨਾਤਮਕ ਢੰਗ ਨਾਲ ਵਿਚਾਰੀਏ ਤਾਂ ਇਸਦੀ ਸਥਿਤੀ ਕਾਫੀ ਸਾਫ ਸੁਥਰੀ ਨਜ਼ਰ ਆਵੇਗੀ। ਗੁਆਂਢੀ ਮੁਲਕ, ਜਿਸ ਵਿਚ ਆਪਣੇ ਹੀ ਸ਼ਰੀਕੇ-ਕਬੀਲੇ ਦੇ ਅਨੇਕ ਬਾਸ਼ਿੰਦੇ ਹਨ ਉਸ ਵਿਚ ਜੇਕਰ ਕੋਈ ਬੰਬ ਡਿੱਗਦਾ ਹੈ ਤਾਂ ਇਥੋਂ ਦੇ ਸਾਧਾਰਣ ਨਾਗਰਿਕਾਂ ਨੂੰ ਵੀ ਉਨਾਂ ਹੀ ਦੁੱਖ ਲੱਗਦਾ ਹੈ ਜਿੰਨਾ ਕਿ ਉਥੋਂ ਦੇ ਵਸਨੀਕਾਂ ਨੂੰ। ਭਾਵੇਂ ਇਹ ਗੱਲ ਵੀ ਸਹੀ ਹੈ ਕਿ ਬਹੁਤੀ ਵਾਰੀਂ ਇਹ ਆਪਸੀ ਦੁੱਖ ਅਤੇ ਹਮਦਰਦੀ ਭਰੀਆਂ ਆਵਾਜ਼ਾਂ ਸਿਆਸਤਾਂ ਦਿਆਂ ਛਿੱਕੂਆਂ ਨਾਲ ਬੱਝੇ ਮਾਸੂਮ ਮੂਹਾਂ 'ਤੋ ਬਿਆਨ ਨਹੀਂ ਹੋ ਸਕਦੀਆਂ ਜਾਂ ਬਿਆਨ ਤਾਂ ਹੁੰਦੀਆਂ ਨੇਂ ਪਰ ਬੁਲੰਦੀਆਂ ਨਹੀਂ ਛੋਹ ਸਕਦੀਆਂ। ਆਧਿਆਤਮਿਕ ਜਾਂ ਆਧੁਨਿਕ ਨਜ਼ਰੀਏ ਨਾਲ ਵੇਖੀਏ ਤਾਂ ਇਹ ਸੰਪੂਰਣ ਵਿਸ਼ਵ ਵੀ ਇਕ ਮੁਹੱਲੇ ਵਾਂਗੂ ਹੀ ਹੈ ਜਿਸ ਦੇ ਵਸਨੀਕ ਸਿੱਧੇ ਜਾਂ ਅਸਿੱਧੇ ਤੌਰ ਤੇ ਆਪਣੇ ਹੀ ਸ਼ਰੀਕੇ-ਕਬੀਲਾ ਵਾਲੇ ਜਾਂ ਦੂਰੋਂ-ਨੇੜਿਓਂ ਦੇ ਰਿਸ਼ਤੇਦਾਰ ਹੀ ਹਨ, ਕਿਉਂ ਜੋ ਸੱਭ ਇਨਸਾਨ ਹਨ। ਮੌਜ਼ੂਦਾ ਖ਼ਬਰਾਂ ਫ਼ਰੌਲ ਕੇ ਵੇਖੀਏ ਕਿ ਭਾਵੇਂ ਬਹੁਤ ਦੂਰ-ਦੁਰਾਢੇ ਦੇ ਦੇਸ਼ਾਂ ਵਿਚ ਅਜਿਹੀ ਸਥਿਤੀ ਹੋਈ ਪਈ ਹੈ ਕਿ ਛੋਟੇ-ਛੋਟੇ ਅਤੇ ਮਾਸੂਮ ਬੱਚਿਆਂ ਨੂੰ ਵੀ ਤਸੀਹੇ ਦੇ ਕੇ ਜਾਨੋਂ ਮਾਰਨ ਤੋਂ ਵੀ ਗ਼ੁਰੇਜ਼ ਨਹੀਂ ਕੀਤਾ ਜਾ ਰਿਹਾ ਪਰ ਸੱਚ ਪੁੱਛੋ ਤਾਂ ਅੱਗ ਦੇ ਸੇਕ ਵਰਗੀਆਂ ਇਨ੍ਹਾ ਖ਼ਬਰਾਂ ਨੂੰ ਵੇਖ-ਸੁਣ ਕੇ ਹਰ ਭਾਰਤ-ਵਾਸੀ ਦੀ ਰੂਹ ਧੁਰ-ਅੰਦਰੋਂ ਘੱਟੋ-ਘੱਟ ਇੱਕ ਵਾਰ ਤਾਂ ਜ਼ਰੂਰ ਹੀ ਝੁਲਸ ਜਾਂਦੀ ਹੈ। ਮਰਨ ਵਾਲੇ ਬੇਸ਼ਕ ਕਿਸੇ ਹੋਰ ਮਜ਼ਹਬ ਦੇ ਹੋਣ, ਪਰ ਆਖਿਰਕਾਰ, ਹਨ ਤਾਂ ਆਪਣੇ ਹੀ ਦੁਨਿਆਵੀ-ਮੁਹੱਲੇ 'ਚ ਵੱਸਦੇ ਆਪਣੇ ਗੁਆਂਢੀ, ਆਪਣੇ ਰਿਸ਼ਤੇਦਾਰ ਹੀ।
'ਨੀਲ'