ਕਿਧਰੇ ਗਵਾਚ ਗਿਆ ਚਿੜੀਆਂ ਦਾ ਚੰਭਾ
(ਵਿਸ਼ਵ ਚਿੜੀਆਂ ਦਾ ਦਿਹਾੜਾ ‘ਤੇ ਵਿਸੇਸ਼) (20 ਮਾਰਚ)
(ਸੁਨੀਲ ਕੁਮਾਰ ਗੁੰਦ)
ਚਿੜੀਆਂ ਇਸ ਕੁਦਰਤ ਦੀਆਂ ਅਜਿਹੀਆਂ ਸੁੰਦਰ, ਮਨਮੋਹਕ, ਅਤੇ ਨਾਯਾਬ ਜੀਵ ਹਨ ਜਿਨ੍ਹਾ ਨੂੰ ਵੇਖ ਹਰ ਕੋਈ ਉਨ੍ਹਾ ਦੀ ਮਾਸੂਮੀਅਤ ‘ਤੇ ਆਪ ਮੁਹਾਰਾ ਹੀ ਡੁੱਲ੍ਹ ਪੈਂਦਾ ਹੈ। ਆਧੁਨਿਕਤਾ ਵਿਚ ਦੌੜ ਲਗਾਉਂਦੇ ਅਜੋਕੇ ਸਮਾਜ ਤੋ ਪਿੱਛੇ ਵਲ ਨੂੰ ਝਾਤ ਮਾਰੀਏ ਤਾਂ ਘਰਾਂ ਦੀਆਂ ਗਾਡਰ-ਬਾਲਿਆਂ ਵਾਲੀਆਂ ਛੱਤਾਂ ਦੇ ਘੋਰਨਿਆਂ ਵਿਚ ਘੋਂਸਲੇ ਬਨਾਉਣ ਵਾਲੀਆਂ ਚਿੜੀਆਂ ਅਤੇ ਉਨ੍ਹਾ ਦੇ ਨਿੱਕੇ-ਨਿੱਕੇ ਬੋਟਾਂ ਦੀ ਮਾਸੂਮ ਚੀਂ-ਚੀਂ ਲਗਭਗ ਹਰ ਘਰ ਦਾ ਸ਼ਿੰਗਾਰ ਬਣਿਅ ਕਰਦੀ ਸੀ। ਇਹ ਆਪਣੇ ਆਪ ਵਿਚ ਇਕ ਮਮਤਾ ਭਰਿਆ ਅਹਿਸਾਸ ਸੀ ਤੇ ਸ਼ਾਇਦ ਇਸੇ ਤੋਂ ਪ੍ਰੇਰਿਤ ਹੋ ਕੇ ਹੀ ਮਾਵਾਂ ਆਪਣੇ ਰੋਂਦੇ ਹੋਏ ਨਿੱਕੇ ਬਾਲਾਂ ਨੂੰ ਵਰਾਉਣ ਲਈ ਡੱਕੇ ‘ਤੇ ਆਟੇ ਦੀਆਂ ਚਿੜੀਆਂ ਬਣਾ ਕੇ ਵਰਾਉਂਦੀਆਂ ਅਤੇ ਖਿਡਾਉਂਦੀਆਂ ਸਨ। ਮਮਤਾ ਭਰਪੂਰ ਇਸ ਅਹਿਸਾਸ ਨੂੰ ਸ਼ਿਵ ਕੁਮਾਰ ਬਟਾਲਵੀ ਵਰਗੇ ਸਦੀ ਦੇ ਮਹਾਨ ਸ਼ਾਇਰ ਨੇਂ ਵੀ ਆਪਣੀ ਕਵਿਤਾ ਵਿਚ ਪਿਰੋ ਕੇ, ਕੁੜੀਆਂ-ਚਿੜੀਆਂ ਦੀਆਂ ਭਾਵਨਾਵਾਂ ਦੇ ਕਾਵਿ ਰੂਪ ਨੂੰ ਨਾਮ ਦਿੱਤਾ ‘ਆਟੇ ਦੀਆਂ ਚਿੜੀਆਂ’।
ਚਿੜੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਜੋ ਕਿ ਕੁਦਰਤ ਦੇ ਸੰਤੁਲਨ ਵਿਚ ਵਿਗਾੜ ਦਾ ਇਕ ਸਿੱਧਾ ਇਸ਼ਾਰਾ ਹੈ। ਇਸੇ ਇਸ਼ਾਰੇ ਨੇ ਮਨੁੱਖਾਂ ਨੂੰ ਸੋਝੀ ਪਾਈ ‘ਤੇ ਚਿੜੀਆਂ ਦੀਆਂ ਨਸਲਾਂ ਨੂੰ ਬਚਾਉਣ ਦੇ ਮੰਤਵ ਨਾਲ ਵਿਸ਼ਵ ਚਿੜੀਆਂ ਦਾ ਦਿਹਾੜਾ ਨਿਰਧਾਰਿਤ ਕੀਤਾ ਜੋ ਕਿ ਹਰ ਵਰ੍ਹੇ 20 ਮਾਰਚ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦਾ ਪ੍ਰਮੁੱਖ ਮੰਤਵ ਹੈ ਲੋਕਾਂ ਨੂੰ ਚਿੜੀਆਂ ਦੀ ਲਗਾਤਾਰ ਘਟਦੀ ਜਾਂਦੀ ਗਿਣਤੀ ਬਾਰੇ ਜਾਣੂ ਕਰਵਾਉਣਾ, ਚਿੜੀਆਂ ਪ੍ਰਤੀ ਸੰਵੇਦਨਸ਼ੀਲਤਾ ਦੀ ਵਧੇਰੇ ਲੋੜ ਨੂੰ ਉਜਾਗਰ ਕਰਨਾ, ਚਿੜੀਆਂ ਲਈ ਘੋਂਸਲਿਆਂ, ਅਤੇ ਪਾਣੀ ਦਾ ਪ੍ਰਬੰਧ ਕਰਨਾ, ਅਤੇ ਉਨ੍ਹਾ ਨੂੰ ਜੀਣ ਲਈ ਢੁਕਵਾਂ ਵਾਤਾਵਰਣ ਮੁਹੱਈਆ ਕਰਵਾਉਣਾ ਤਾਂ ਜੋ ਉਨ੍ਹਾ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕੇ।
ਚਿੜੀਆਂ ਦੇ ਦਿਹਾੜੇ-2024 ਦਾ ਮੰਤਵ: ਇਸ ਵਰ੍ਹੇ ਇਸ ਦਿਹਾੜੇ ਦਾ ਜੋ ਨਿਰਧਾਰਤ ਮੰਤਵ ਉਲੀਕਿਆ ਗਿਆ ਹੈ, ਉਹ ਹੈ, “ਚਿੜੀਆਂ: ਸਾਡੀਆਂ ਪਿਆਰੀਆਂ ਹਨ, ਆਓ! ਉਨ੍ਹਾ ਨੂੰ ਚਹਿਚਹਾਉਣ ਦਾ ਮੌਕਾ ਦਈਏ”
ਪੱਕੇ ਘਰਾਂ ਵਿਚ ਆਲ੍ਹਣਿਆਂ ਦੀ ਮਨਾਹੀ: ਸੋਸ਼ਲ ਮੀਡੀਆ ਤੇ ਇਕ ਬਹੁਤ ਵਧੀਆ ਕਹਾਵਤ ਪੜ੍ਹਨ ਨੂੰ ਮਿਲਦੀ ਹੈ ਕਿ ਜਦੋਂ ਘਰ ਕੱਚੇ ਸੀ ਤਾਂ ਲੋਕ ਸੱਚੇ ਸੀ, ਹੁਣ ਘਰ ਪੱਕੇ ਨੇ ਤੇ ਦਿਲ ਕੱਚੇ ਨੇ। ਜਦੋਂ ਘਰਾਂ ਦੀਆਂ ਛੱਤਾਂ ਗਾਡਰ-ਬਾਲਿਆਂ ਵਾਲੀਆਂ ਹੁੰਦੀਆਂ ਸਨ, ਉਦੋਂ ਉਨ੍ਹਾ ਵਿਚ ਚਿੜੀਆਂ ਨੂੰ ਘਰ ਬਨਾਉਣ ਦੀ ਖੁੱਲ ਹੁੰਦੀ ਸੀ। ਅਜਕਲ ਘਰਾਂ ਦੀਆਂ ਛੱਤਾਂ ਪੱਕੀਆਂ ਨੇਂ, ਜਿਨ੍ਹਾ ਵਿਚ ਨਾ ਤਾਂ ਘੋਂਸਲੇ ਬਨਾਉਣ ਲਈ ਕੋਈ ਜਗ੍ਹਾਂ ਹੀ ਮਿਲਦੀ ਹੈ ਤੇ ਪੱਕੀਆਂ ਦੀਵਾਰਾਂ ਬਣਨ ਕਾਨਰ ਛੱਤਾਂ ਤੀਕ ਪੰਛੀਆਂ ਦੀ ਪਹੁੰਚ ਵੀ ਲਗਭਗ ਨਾ ਬਰਾਬਰ ਹੈ। ਰੋਸ਼ਨਦਾਨਾਂ ਅੱਗੇ ਲੋਹੇ ਦੀਆਂ ਜਾਲੀਆਂ ਲੱਗੀਆਂ ਹੋਣ ਕਾਰਨ, ਉਨ੍ਹਾ ਵਿਚਲੀ ਵਾਧੂ ਥਾਂ ਵੀ ਪੰਛੀਆਂ ਦੀ ਪਹੁੰਚ ਤੋਂ ਬਾਹਰ ਕਰ ਦਿੱਤੀ ਜਾਂਦੀ ਹੈ।
ਮੋਬਾਇਲ ਟਾਵਰਾਂ ਦਾ ਪ੍ਰਕੋਪ: ਬਦਲਦੇ ਸਮੇਂ ਨਾਲ ਟੈਲੀਵੀਜ਼ਨ ਦੇ ਟਾਵਰਾਂ ਦੀ ਥਾਂ ਤੇ ਹੁਣ ਉੱਚੇ-ਉੱਚੇ ਮੋਬਾਈਲ ਟਾਵਰਾਂ ਦਾ ਪ੍ਰਕੋਪੀ ਜਾਲ ਵਿਛ ਚੁੱਕਿਆ ਹੈ। ਇਨ੍ਹਾ ਟਾਵਰਾਂ ‘ਚੋ ਨਿੱਕਲਣ ਵਾਲੀਆਂ ਇਲੈਕਟ੍ਰੋਮੈਗਨੇਟਿਕ ਤਰੰਗਾਂ, ਚਿੜੀਆਂ ਵਰਗੇ ਪੰਛੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਆਦਿ ਦੇ ਵੰਸ਼ ਵਾਧੇ ਦੀਆਂ ਸਮਰੱਥਾਵਾਂ ਉੱਤੇ ਬਹੁਤ ਮਾੜਾ ਅਸਰ ਪਾਉਂਦੀਆਂ ਹਨ। ਫੋਰ-ਜੀ, ਫਾਈਵ-ਜੀ ਦੇ ਰੂਪ ਵਿਚ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਇਨ੍ਹਾ ਤਰੰਗਾਂ ਸਦਕਾ ਚਿੜੀਆਂ ਦੀ ਜਨਸੰਖਿਆ ਬੜੀ ਤੇਜ਼ੀ ਨਾਲ ਘੱਟਦੀ ਜਾ ਰਹੀ ਹੈ ਜੋ ਕਿ ਪ੍ਰਕਿਰਤੀ ਦੇ ਕਿਿਰਆ ਚੱਕਰ ਚਿਚ ਮਾਰ ਕਰਨ ਵਾਲਾ ਇਕ ਅਦਿੱਖ ਪ੍ਰਕੋਪ ਹੈ।
ਚਾਈਨਾ ਡੋਰ ਦਾ ਮਾਰੂ ਜੱਫਾ: ਪਤੰਗ ਉਡਾਉਣਾ ਇਕ ਕਲਾ ਵੀ ਹੈ ਤੁ ਸ਼ੋਕ ਵੀ। ਪਿਛਲੇ ਸਮਿਆਂ ਵਿਚ ਪਤੰਗਾਂ ਨੁੰ ਉਡਾਉਣ ਲਈ ਜੋ ਡੋਰ ਵਰਤੀ ਜਾਂਦੀ ਸੀ ਉਹ ਕਪਾਹ ਤੋਂ ਬਣੇ ਸੂਤ ਤੋਂ ਤਿਆਰ ਕੀਤੀ ਜਾਂਦੀ ਸੀ। ਅਜੋਕੀ ਤਸਵੀਰ ਕੁਝ ਹੋਰ ਹੀ ਹੈ। ਅਜੋਕੇ ਦੌਰ ਵਿਚ ਪਤੰਗਾਂ ਨੂੰ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿਸੇ ਮਾਰੂ ਹਥਿਆਰ ਤੋਂ ਰਤਾ ਦਰਜ਼ਾ ਵੀ ਘੱਟ ਨਹੀਂ। ਇਹ ਹਰ ਵਰ੍ਹੇ ਅਨੇਕਾਂ ਹੀ ਮਨੁੱਖਾਂ ਨੂੰ ਘਾਇਲ ਕਰਦੀ ਹੈ ਤੇ ਕਈਆਂ ਦੀ ਜਾਨ ਤਕ ਲੈ ਲੈਂਦੀ ਹੈ। ਪੰਛੀ ਵੀ ਇਸਦੀ ਮਾਰ ਤੋਂ ਅਛੂਤੇ ਨਹੀਂ ਰਹਿੰਦੇ। ਬਸੰਤ ਰੁੱਤ ਦੌਰਾਨ ਚਾਈਨਾ ਡੋਰ ਵਿਚ ਉਲਝੇ-ਫੱਸੇ ਪੰਛੀ ਆਮ ਕਰਕੇ ਹੀ ਵੇਖਣ ਨੂੰ ਮਿਲ ਜਾਂਦੇ ਹਨ ਜੋ ਆਪਣੇ ਬਚਾਅ ਲਈ ਕੀਤੀ ਜਾਣ ਵਾਲੀ ਜੱਦੋਜਹਿਦ ਦੌਰਾਨ ਪੈਰ ਜਾਂ ਖੰਭ ਜ਼ਖ਼ਮੀ ਕਰਵਾ ਬੈਠਦੇ ਹਨ। ਤੁਰਨ ਜਾਂ ਉੱਭਣ ਤੋਂ ਮੁਹਤਾਜ ਹੋਏ ਪੰਛੀ ਦੀ ਜੀਵਨ ਲੀਲਾ ਕਿੰਨੀਂ ਕੂ ਰਹਿ ਜਾਂਦੀ ਹੋਵੇਗੀ ਇਸ ਦਾ ਅੰਦਾਜ਼ਾ ਆਪਾਂ ਸਾਰੇ ਹੀ ਬਾਖ਼ੂਬੀ ਲਗਾ ਸਕਦੇ ਹਾਂ। ਚਾਈਨਾ ਡੋਰ ਨਾਲ ਕਿਸੇ ਇਨਸਾਨ ਦਾ ਮੱਥਾ ਚੀਰਿਆ ਜਾਵੇ ਜਾਂ ਉਸਦੀ ਗਰਦਨ ਕਟਣ ਨਾਲ ਮੌਤ ਹੋ ਜਾਵੇ ਤਾਂ ਇਸ ਬਾਰੇ ਮਾੜੀਆਂ ਖ਼ਬਰਾਂ ਵੇਖਣ, ਸੁਣਨ ਤੇ ਪੜ੍ਹਨ ਨੂੰ ਮਿਲ ਹੀ ਜਾਂਦੀ ਹੈ। ਪਰ ਡੋਰ ਕਾਨਰ ਮਰਨ ਵਾਲੇ ਕਿਸੇ ਪੰਛੀ ਦੀ ਤਾਂ ਛੇਤੀ ਕਿਤੇ ਕੋਈ ਖ਼ਬਰ ਵੀ ਨਹੀਂ ਛੱਪਦੀ।
ਟੋਭਿਆਂ ਦੀ ਘਾਟ, ਪਾਣੀ ਦੀ ਕਮੀਂ: ਪੁਰਾਣੇ ਸਮਿਆਂ ਵਿਚ ਹਰ ਪਿੰਡ, ਕਸਬੇ, ਤੇ ਸ਼ਹਿਰ ਵਿਚ ਟੋਭੇ ਆਮ ਕਰਕੇ ਮੌਜੂਦ ਸਨ ਜਿਨ੍ਹਾ ‘ਚੋਂ ਪੰਛੀਆਂ ਅਤੇ ਜਾਨਵਰਾਂ ਨੂੰ ਲੋੜੀਂਦਾ ਪਾਣੀ ਆਸਾਨੀ ਨਾਲ ਮਿਲ ਜਾਂਦਾ ਸੀ। ਅਜੋਕੇ ਸਮੇ ਵਿਚ ਟੋਭਿਆਂ ਦੀ ਗਿਣਤੀ ਨਾਮ ਮਾਤਰ ਹੀ ਬਚੀ ਹੈ ਤੇ ਪਾਣੀ ਦੀ ਸਪਲਾਈ ਅੰਡਰਗਰਾਉਂਡ ਪਾਈਪਾਂ ਰਾਹੀਂ ਹੋਣ ਲਗ ਪਈ ਹੈ, ਜਿਸ ਕਾਨਣ ਪੰਛੀਆਂ ਤੇ ਜਾਨਵਰਾਂ ਨੂੰ ਲੋੜੀਂਦੀ ਮਾਤਰਾ ਵਿਚ ਪੀਣ ਵਾਲਾ ਪਾਣੀ ਨਹੀਂ ਮਿਲਦਾ। ਜੇਠ, ਹਾੜ ਦੀਆਂ ਧੁੱਪਾਂ ਦੌਰਾਨ ਤਾਂ ਕਈ ਪੰਛੀ ਤਿਰਹਾਏ ਹੀ ਮਰ ਜਾਂਦੇ ਹਨ। ਭਰ ਗਰਮੀ ਵਿਚ ਪਿਆਸ ਨਾਲ ਮਰ ਰਹੇ ਜੀਵ ਨੂੰ ਤਾਂ ਇਕ ਘੁੱਟ ਪਾਣੀ ਵੀ ਅੰਮ੍ਰਿਤ ਵਾਂਗ ਬਚਾ ਸਕਦਾ ਹੈ। ਪਰ, ਅਫਸੋਸ, ਕਿ ਪ੍ਰਕਿਰਤੀ ਦਾ ਮਾਲਕ ਬਣ ਬੈਠੇ ਮਨੁੱਖ ਨੂੰ ਇਸ ਵਿਸ਼ੇ ਬਾਰੇ ਹਾਲੇ ਸ਼ਾਇਦ ਹੋਰ ਵੀ ਜ਼ਿਆਦਾ ਜਾਗਰੂਕ, ਜਿੰਮੇਦਾਰ ਅਤੇ ਸੰਜੀਦਾ ਬਣਨ ਦੀ ਲੋੜ ਹੈ।
ਸ਼ੋਰ ਅਤੇ ਜ਼ਹਿਰੀਲੇ ਰਸਾਇਣਾ ਵਰਗੇ ਪ੍ਰਦੂਸ਼ਣ: ਵਾਤਾਵਰਣ ਵਿਚ ਵਧ ਰਿਹਾ ਪ੍ਰਦੂਸ਼ਣ ਵੀ ਅਨੇਕਾਂ ਹੀ ਜਾਨਵਰਾਂ ਅਤੇ ਪੰਛੀਆਂ ਦੀਆਂ ਵਿਲੱਖਣ ਪ੍ਰਜਾਤੀਆਂ ਦੇ ਲੁਪਤ ਹੋਣ ਦਾ ਇਕ ਵੱਡਾ ਕਾਰਣ ਹੈ। ਇਸ ਵਿਚ ਹਾਵਾ ਦਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ, ਯਾਤਾਯਾਤ ਦੇ ਸਾਧਨਾ ਦੇ ‘ਮੋਡੀਫਾਈਡ’ ਸਾਈਲੈਸਰਾਂ ਅਤੇ ਫੈਕਟਰੀਆਂ ਦੇ ਸਾਇਰਨਾਂ ਆਦਿ ਦੀਆਂ ਤੇਜ਼ ਆਵਾਜ਼ਾਂ ਦਾ ਪ੍ਰਦੂਸ਼ਣ ਪ੍ਰਮੁੱਖ ਹਨ। ਨੋਜਵਾਨ ਆਪਣੇ ਮਹਿੰਗੇ ਮੋਟਰਸਾਈਕਲਾਂ ਦੇ ਸਾਈਲੈਂਸਰਾਂ ‘ਚੋ ਇੰਜਣ ਦੀ ਆਵਾਜ਼ ਨੂੰ ਦਬਾਉਣ ਵਾਲੀਆਂ ਜਾਲੀਆਂ ਕਢਵਾ ਦਿੰਦੇ ਹਨ। ਇੱਥੇ ਹੀ ਬਸ ਨਹੀਂ ਹੁੰਦੀ, ਤੇ ਸਾਈਲੈਸਰਾਂ ਵਿਚ ਪਟਾਕਿਆਂ ਵਰਗੀਆਂ ਤੇਜ਼ ਆਵਾਜ਼ਾਂ ਪੈਦਾ ਕਰਨ ਵਾਲੀਆਂ ਤਕਨੀਕਾਂ ਨੂੰ ਵੀ ਸ਼ੁਮਾਰ ਕਰਵਾ ਲੈਂਦੇ ਹਨ। ਕਹਿਣ ਤੋਂ ਭਾਵ ਇਹ ਕਿ ਆਵਾਜ਼ ਨੂੰ ਦਬਾਉਣ ਵਾਲੇ ਪੁਰਜ਼ੇ ਨੂੰ ਉੱਚੀ ਆਵਾਜ਼ ਪੈਦਾ ਕਰਨ ਵਾਲਾ ਯੰਤਰ ਬਣਾ ਦਿਤਾ ਜਾਂਦਾ ਹੈ। ਇਨ੍ਹਾ ਵਿੱਚੋਂ ਨਿਕਲਣ ਵਾਲੀਆਂ ਦਿਲ ਕੰਬਾਊ ਆਵਾਜ਼ਾਂ ਬਹੁਤੀ ਵਾਰ, ਅਰਾਮ ਕਰ ਰਹੇ ਪੰਛੀਆਂ ਨੂੰ ਨ੍ਹੇਰੇ ਵਿਚ ਵੀ ਉੱਡਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਜੋ ਉਨ੍ਹਾ ਦੀ ਮੌਤ ਦਾ ਕਾਰਣ ਵੀ ਬਣ ਜਾਂਦੀਆਂ ਹਨ। ਘੋਂਸਲਿਆਂ ਵਿਚ ਮਾਂ-ਬਾਪ ਦੀ ਗ਼ੈਰਹਾਜ਼ਰੀ ਦੌਰਾਨ ਬੈਠੇ ਉਡੀਕਵਾਨ, ਮਾਸੂਮ ਬੋਟ ਤਾਂ ਅਜੀਹਿਆਂ ਆਵਾਜ਼ਾਂ ਨੂੰ ਸਹਾਰ ਹੀ ਨਹੀਂ ਸਕਦੇ ਤੇ ਥਾਈਂ ਦਮ ਤੋੜ ਜਾਂਦੇ ਹਨ। ਕਹਿਣ ਤੋਂ ਭਾਵ ਇਕ ਕਿ ਚਿੜੀਆਂ ਅਤੇ ਹੋਰਨਾ ਪੰਛੀਆਂ ਦੇ ਵੰਸ਼ ਦੇ ਵਾਧੇ ਤੇ ਮਨੁੱਖਾਂ ਦਾ ਕਾਤਿਲਾਨਾ ਹਮਲਾ ਇਸ ਨਵੇਂ ਰੂਪ ਵਿਚ ਹੋਣਾ ਬਦਸਤੂਰ ਜਾਰੀ ਹੈ।
ਮਨੁੱਖੀ ਯੋਗਦਾਨ ਹੋ ਸਕਦਾ ਹੈ ਕਾਰਗਰ: ਚਿੜੀਆਂ ਦੀ ਆਬਾਦੀ ਦੇ ਲਗਾਤਾਰ ਅਤੇ ਤੇਜ਼ੀ ਨਾਨ ਘਟਣ ਦਾ ਮੁੱਖ ਕਾਰਨ ਇਨਸਾਨੀ ਕਿਿਰਆਵਾਂ ਹੀ ਹਨ। ਸੋ, ਇਸ ਸਮੱਸਿਆ ਦਾ ਹੱਲ ਵੀ ਮਨੁੱਖ ਦੀਆਂ ਸੁਚਾਰੂ ਕਿਿਰਆਵਾਂ ਸਦਕਾ ਹੀ ਹੋ ਸਕਦਾ ਹੈ। ਮਨੁੱਖਾਂ ਨੂੰ ਸਮਾਜ ਵਿਚ ਇਸ ਵਿਸ਼ੇ ਦੀ ਜਾਗਰੂਕਤਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ ਤਾਂ ਜੋ ਹਰ ਕੋਈ ਇਸ ਸਮੱਸਿਆ ਤੋਂ ਜਾਣੂ ਹੋ ਸਕੇ ਅਤੇ ਇਸ ਵਿਸ਼ੇ ਬਾਰੇ ਸੰਜੀਦਾ ਹੋ ਕੇ ਆਪਣੀ ਬਣਦੀ ਜਿੰਮੇਦਾਰੀ ਨਿਭਾਵੇ। ਘਰਾਂ ਦੀਆਂ ਛੱਤਾਂ ਵਿਚ ਪੰਛੀਆਂ ਨੂੰ ਘੋਂਸਲੇ ਬਨਾਉਣ ਲਈ ਜੇਕਰ ਥਾਂ ਮੁਹੱਈਆ ਨਹੀਂ ਕਰਵਾ ਸਕਦੇ ਤਾਂ ਘਰਾਂ ਦੇ ਬਾਹਰ, ਮਨੁੱਖਾਂ ਅਤੇ ਜਾਨਵਰਾਂ ਦੀ ਪਹੁੰਚ ਤੋਂ ਦੂਰ, ਉੱਚੀ ਜਗ੍ਹਾਂ ਤੇ ਆਲ੍ਹਣੇ ਲਟਕਾਏ ਜਾਣ ਤਾਂ ਜੌ ਪੰਛੀਆਂ ਨੂੰ ਵਸੋਂ ਲਈ ਲੋੜੀਂਦਾ ਜਗ੍ਹਾਂ ਅਤੇ ਸੁਰੱਖਿਅਤ ਮਾਹੋਲ ਮਿਲ ਸਕੇ। ਮੋਬਾਈਲ ਟਾਵਰਾਂ ਵਰਗੀਆਂ ਤਕਨੀਕਾਂ ਵਿਚ ਲੋੜੀਂਦਾ ਸੁਧਾਰ ਕੀਤਾ ਜਾਵੇ ਤਾਂ ਜੋ ਇਲੈਕਟ੍ਰੋਮੈਗਨੈਟਿਕ ਤਰੰਗਾਂ ਪੰਛੀਆਂ ਦੀਆਂ ਨਸਲਾਂ ਨੂੰ ਬਰਬਾਦ ਨਾ ਕਰ ਸਕਣ। ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਤੇ ਰੋਕ ਤਾਂ ਲਗਾਈ ਗਈ ਹੈ ਪਰ ਫੇਰ ਵੀ ਇਸਦਾ ਇਸਤੇਮਾਲ ਬਦਸਤੂਰ ਜਾਰੀ ਹੈ। ਇਸ ਸਬੰਧੀ ਕਨੂੰਨ ਨੂੰ ਕਰੜਾਈ ਨਾਲ ਲਾਗੂ ਕਰਨ ਦੀ ਲੋੜ ਹੈ। ਘਰਾਂ ਦੀਆਂ ਛੱਤਾਂ ਉਪਰ ਮਿੱਟੀ ਦੇ ਬਣੇ ਚਪਟੇ ਭਾਡਿਆਂ ਵਿਚ ਨਿਯਮਿਤ ਤੌਰ ਤੇ, ਖ਼ਾਸਤੌਰ ਤੇ ਗਰਮੀਆਂ ਦੀ ਰੁੱਤੇ, ਪੰਛੀਆਂ ਦੇ ਪੀਣ ਅਤੇ ਨਹਾਉਣ ਲਈ ਪਾਣੀ ਭਰ ਕੇ ਰੱਖਿਆ ਜਾਣਾ ਸਾਡੀ ਰੋਜ਼ਾਨਾ ਜੀਵਨ ਸ਼ੈਲੀ ਦਾ ਇਕ ਅਨਿੱਖੜਵਾਂ ਹਿੱਸਾ ਹੋਣਾ ਚਾਹੀਦਾ ਹੈ। ਆਪੋ ਆਪਣੇ ਮੋਟਰ ਸਾਈਕਲ ਦੇ ਸਾਈਲੈਂਸਰ ਨੂੰ ਸਾਈਲੈਸਰ ਹੀ ਰਹਿਣ ਦਿੱਤਾ ਜਾਵੇ, ਨਾ ਕਿ ਇਸਨੂੰ ਤਬਦੀਲ ਕਰਵਾ ਕੇ ਬੰਦੂਕ ਵਰਗੀ ਦਿਲ ਕੰਬਾਉ ਆਵਾਣ ਪੈਦਾ ਕਰਨ ਵਾਲੀ ਮਸ਼ੀਨ ਬਣਾ ਦਿੱਤਾ ਜਾਵੇ।
ਯਾਦ ਰਹੇ! ਪ੍ਰਕਿਰਤੀ ਦਾ ਆਪਣਾ ਇਕ ਸੰਤੁਲਨ ਚੱਕਰ ਸੀ ਤੇ ਮਨੁੱਖ ਨੇੇ ਲੋੜ ਨਾਲੋਂ ਵੱਧ ਦਖ਼ਲ ਸਦਕਾ ਇਸ ਵਿਚ ਬੇਲੋੜੇ ਬਦਲਾਅ ਪੈਦਾ ਕਰ ਕੇ ਇਸ ਨੂੰ ਅਸੰਤੁਲਿਤ ਕਰ ਛੱਡਿਆ ਹੈ। ਇਸ ਮਨੁੱਖੀ ਦਖ਼ਲ ਦਾ ਮਾੜਾ ਅਸਰ ਚਿੜੀਆਂ ਵਰਗੇ ਪੰਛੀਆਂ ਦੀ ਆਬਾਦੀ ਦੇ ਲਗਾਤਾਰ ਘਟਣ ਦੇ ਰੂਪ ਵਿਚ ਸਾਮ੍ਹਣੇ ਆ ਰਿਹਾ ਹੈ। ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆਂ ਵਧੇਰੇ ਜਾਗਰੂਕ ਅਤੇ ਜਿੰਮੇਦਾਰ ਬਣਨਾ ਲਾਜ਼ਮੀ ਹੈ। ਜੇਕਰ ਅਸੀਂ ਹਾਲੇ ਵੀ ਨਾ ਸਮਝੇ ਤਾਂ ਜਿਵੇਂ ਅੱਜ ਚਿੜੀਆਂ ਦਾ ਚੰਭਾ ਕਿਧਰੇ ਗਵਾਚ ਗਿਆ ਹੈ, ਉਸੇ ਤਰ੍ਹਾਂ, ਆਉਣ ਵਾਲੇ ਕਲ, ਹੋ ਸਕਦਾ ਹੈ ਕਿ ਮਨੁੱਖੀ-ਪ੍ਰਧਾਨ ਅਜੋਕੀ ਦੁਨਿਆਂ ਵੀ ਮਨੁੱਖਾਂ ਵੱਲੋਂ ਹੀ ਅਸੰਤੁਲਿਤ ਕੀਤੀ ਗਈ ਇਸ ਮਾਡਰਨ ਤਕਨੀਕਾਂ ਵਾਲੀ ਮਾਰੂ ਮੁਹਤਾਜਗੀ ਦੀ ਬਲੀ ਹੀ ਨਾ ਚੜ੍ਹ ਜਾਵੇ।
ਸੁਨੀਲ ਕੁਮਾਰ
ਗੁੰਦ
ਸੰਗਰੂਰ (ਪੰਜਾਬ),
ਭਾਰਤ
+91-94184-70707
NannuNeeL77@gmail.com
(Published in trilingual weekly newspaper Preetnama USA 22 to 28 March, 2024)
( https://www.preetnama.com/wp-content/uploads/2024/03/FINAL.pdf )
(Published in weekly newspaper Punjab Mail USA 21 to 27 March, 2024; Issue 794)( https://punjabmailusa.com/wp-content/uploads/2024/03/Web-794-1-35.pdf )