ਹਿੰਦੀ ਅਤੇ ਮਰਾਠੀ ਫਿਲਮ ਅਤੇ ਥੀਏਟਰ ਅਦਾਕਾਰਾ ਰੀਮਾ ਲਾਗੂ ਦਾ ਨਿਧਨ
ਹਿੰਦੀ ਅਤੇ ਮਰਾਠੀ ਫਿਲਮ ਅਤੇ ਥੀਏਟਰ ਦੀ ਮਸ਼ਹੂਰ ਅਦਾਕਾਰਾ ਰੀਮਾ ਲਾਗੂ ਨੂੰ ਮਿਤੀ 18 ਮਈ 2017 ਨੂੰ ਸਵੇਰੇ ਲਗਭਗ 1 ਵਜੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕਰਕੇ ਰੀਮਾ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ, ਮੁੰਮਬਈ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ਼ ਦੌਰਾਨ ਹੀ ਸਵੇਰੇ ਲਗਭਗ ਸਵਾ 3 ਵਜੇ ਉਨ੍ਹਾ ਨੇ ਆਪਣੀਆਂ ਆਖ਼ਰੀ ਸਾਹਾਂ ਲਈਆਂ। ਉਹ ਲਗਭਗ 59 ਵਰ੍ਹੇ ਦੇ ਸਨ।
ਉਨ੍ਹਾ ਦਾ ਜਨਮ 21 ਜੂਨ, 1958 ਨੂੰ ਹੋਇਆ ਅਤੇ ਉਨ੍ਹਾ ਦਾ ਬਚਪਨ ਦਾ ਨਾਮ ਨਯਨ ਭਡਭਡੇ ਸੀ ਅਤੇ ਮਰਾਠੀ ਅਦਾਕਾਰ ਵਿਵੇਕ ਲਾਗੂ ਨਾਲ ਵਿਆਹ ਤੋਂ ਬਾਅਦ ਉਨ੍ਹਾ ਦਾ ਨਾਮ ਰੀਮਾ ਲਾਗੂ ਰੱਖਿਆ ਗਿਆ। ਵਿਆਹ ਤੋਂ ਕੁਝ ਵਰ੍ਹਿਆਂ ਬਾਅਦ ਹੀ ਉਨ੍ਹਾ ਦੇ ਵਿਆਹੁਤਾ ਰਿਸ਼ਤਿਆਂ ਵਿਚ ਦਰਾਰ ਆਉਣੀ ਸ਼ੁਰੂ ਹੋ ਗਈ ਅਤੇ ਨਤੀਜੇ ਵਜੋਂ ਉਹ ਦੋਵੇਂ ਅਲੱਗ -ਅਲੱਗ ਹੋ ਗਏ। ਉਨ੍ਹਾ ਦੀ ਇਕ ਬੇਟੀ ਵੀ ਹੈ ਜਿਸਦਾ ਨਾਮ ਮਰੁਨਮਯੀ ਹੈ।
ਰੀਮਾ ਦੀ ਮਾਂ ਦਾ ਨਾਮ ਮੰਦਾਕਿਨੀ ਭਡਬਡੇ ਜੋ ਇਕ ਮਰਾਠੀ ਥਿਏਟਰ ਅਦਾਕਾਰਾ ਵਜੋਂ ਮਸ਼ਹੂਰ ਸੀ ਅਤੇ ਅਦਾਕਾਰੀ ਦੀ ਗੁਣ ਰੀਮਾ ਨੂੰ ਉਨ੍ਹਾ ਦੀ ਮਾਂ ਤੋਂ ਹੀ ਵਿਰਾਸਤ ਵਜੋਂ ਮਿਲਿਆ ਸੀ। ਰੀਮਾ ਦੇ ਅਦਾਕਾਰੀ ਦੇ ਗੁਣਾ ਦੀ ਪਛਾਣ ਉਦੋਂ ਹੀ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਉਹ ਹੁਜ਼ੂਰਪਾਗਾ ਹਾਈ ਸਕੂਲ ਪੁਣੇ ਦੀ ਵਿਦਿਆਰਥਣ ਸੀ। ਉਨ੍ਹਾ ਆਪਣੇ ਕੈਰੀਅਰ ਦੀ ਸ਼ੁਰੂਆਤ ਮਰਾਠੀ ਥੀਏਟਰ ਤੋਂ ਕੀਤੀ। ਉਨ੍ਹਾ ਦੀ ਪਹਿਲੀ ਮਰਾਠੀ ਫਿਲਮ ਸਿੰਹਾਸਨ ਸੀ ਜੋ 1979 ਵਿਚ ਰਿਲੀਜ਼ ਹੋਈ।
ਰੀਮਾ ਨੇਂ ਹਿੰਦੀ ਅਤੇ ਮਰਾਠੀ ਸਣੇ ਲਗਭਗ 119 ਫਿਲਮਾਂ ਅਤੇ 14 ਟੈਲੀਵਿਜ਼ਨ ਸ਼ੌਅਜ਼ ਵਿਚ ਆਪਣੀ ਅਦਾਕਾਰੀ ਦੇ ਜੋਹਰ ਵਿਖਾਏ। ਉਨ੍ਹਾ ਦੀਆਂ ਕੁੱਝ ਮਸ਼ਹੂਰ ਫਿਲਮਾਂ ਦੇ ਨਾਮ ਹਨ ਮੈਨੇ ਪਿਆਰ ਕਿਯਾ (1989), ਸਾਜਨ (1991), ਹਮ ਆਪਕੇ ਹੈਂ ਕੌਨ (1994), ਕੁਛ-ਕੁਛ ਹੋਤਾ ਹੈ (1998); ਕਲ ਹੋ ਨਾ ਹੋ (2003) ਆਦਿ । ਇਸ ਤੋਂ ਇਲਾਵਾ ਉਨ੍ਹਾ ਦੇ ਟੀਵੀ ਸ਼ੋਅ ਸ਼੍ਰੀਮਾਨ-ਸ਼੍ਰੀਮਤੀ, ਤੂੰ-ਤੂੰ ਮੈਂ-ਮੈਂ ਵੀ ਕਾਫੀ ਸਰਾਹੇ ਗਏ ਸਨ।
ਹਿੰਦੀ ਫਿਲਮ ਮੈਨੇ ਪਿਆਰ ਕਿਯਾ (1989) ਵਿਚ ਕੋਸ਼ੱਲਿਆ ਚੌਧਰੀ; ਫਿਲਮ ਆਸ਼ਿਕੀ (1990) ਵਿਚ ਸ੍ਰੀਮਤੀ ਵਿਕਰਮ ਰਾਯ; ਫਿਲਮ ਹਮ ਆਪਕੇ ਹੈਂ ਕੌਨ! (1994) ਵਿਚ ਸ਼੍ਰੀਮਤੀ ਸਿਧਾਰਥ ਚੌਧਰੀ ਅਤੇ ਫਿਲਮ ਵਾਸਤਵ : ਦ ਰਿਐਲਿਟੀ (1999) ਵਿਚ ਸ਼ਾੰਤਾ ਦੇ ਕਿਰਦਾਰਾਂ ਲਈ ਉਨ੍ਹਾ ਨੂੰ ਫਿਲਮਫੇਅਰ ਐਵਾਰਡਜ਼ ਦੇ ਬੈਸਟ ਸੱਪੋਰਟਿੰਗ ਐਕਟਰੈਸ ਲਈ ਨਾਮਜ਼ਦ ਕੀਤਾ ਗਿਆ। ਫਿਲਮ ਰੇਸ਼ਮਗਾਂਠ (2002 ) ਲਈ ਉਨ੍ਹਾ ਨੂੰ ਮਹਾਰਾਸ਼ਟਰ ਸਟੇਟ ਫਿਲਮ ਐਵਾਰਡਜ਼ ਵੱਲੋਂ ਬੈਸਟ-ਐਕਟਰੈੱਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰੀਮਾ ਦੇ ਦਿਲੋ ਦਿਮਾਗ਼ 'ਤੇ ਅਦਾਕਾਰੀ ਦਾ ਜੁਨੂਨ ਇਸ ਕਦਰ ਸਵਾਰ ਸੀ ਕਿ ਆਪਣੀ ਮੌਤ ਤੋਂ ਪਹਿਲੀ ਸ਼ਾਮ ਨੂੰ ਵੀ ਉਹ ਇਕ ਸ਼ੂਟਿੰਗ ਵਿਚ ਮਸਰੂਫ਼ ਸੀ।
ਉਨ੍ਹਾ ਦਾ ਅੰਤਿਮ ਸੰਸਕਾਰ ਦੋਪਹਿਰ ਬਾਅਦ ਲਗਭਗ ਪੌਣੇ 3 ਵਜੇ ਉਨ੍ਹਾ ਦੀ ਬੇਟੀ ਵੱਲੋਂ ਕੀਤਾ ਗਿਆ ਜਿਸ ਮੌਕੇ ਆਮੀਰ -ਖ਼ਾਨ, ਕਾਜੋਲ ਅਤੇ ਰਿਸ਼ੀ ਕਪੂਰ ਸਣੇ ਅਨੇਕ ਕਲਾਕਾਰ ਮੌਜੂਦ ਸਨ। ਉਨ੍ਹਾ ਦੀ ਮੌਤ ਦੀ ਖ਼ਬਰ ਸੁਣ ਕੇ ਸਵਰਗਵਾਸੀ ਨਰਗਿਸ ਦੱਤ ਅਤੇ ਸੁਨੀਲ ਦੱਤ ਦੇ ਬੇਟੇ ਅਤੇ ਅਦਾਕਾਰ ਸੰਜੇ ਦੱਤ ਨੇ ਕਿਹਾ ਕਿ ਉਸ ਨੇ ਇੱਕ ਵਾਰ ਫਿਰ ਆਪਣੀ ਮਾਂ ਨੂੰ ਗਵਾ ਦਿੱਤਾ ਹੈ।
ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ ਅਤੇ ਥੀਏਟਰ ਦੀ ਦੁਨੀਆਂ ਵਿਚ ਰੀਮਾ ਲਾਗੂ ਨੇਂ ਆਪਣੀ ਇਕ ਵਿਲੱਖਣ ਥਾਂ ਬਣਾ ਲਈ ਸੀ ਅਤੇ ਉਨ੍ਹਾ ਦੀ ਮੌਤ ਸਦਕਾ ਬਣੇ ਖੱਪੇ ਦੀ ਭਰਪਾਈ ਮੁਸ਼ਕਿਲ ਹੈ।
ਸੁਨੀਲ ਕੁਮਾਰ ਨੀਲ
+91-94184-70707
+91-94184-70707